ਨਵੀਂ ਦਿੱਲੀ, 2 ਮਾਰਚ
ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ (ਐਸਆਰਬੀ) ਨੇ ਬੁੱਧਵਾਰ ਨੂੰ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰਪਾਲ ਸਿੰਘ ਭੁੱਲਰ ਦੀ ਛੇਤੀ ਰਿਹਾਈ ਦੇ ਫੈਸਲੇ ਨੂੰ ਟਾਲ ਦਿੱਤਾ। ਭੁੱਲਰ ਹਾਲ ਦੀ ਘੜੀ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ। ਦਿੱਲੀ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਅਗਲੀ ਐਸਆਰਬੀ ਮੀਟਿੰਗ ਤੱਕ ਲਈ ਟਾਲ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਵੱਲੋਂ ਭੁੱਲਰ ਦੀ ਰਿਹਾਈ ਦੀ ਕੀਤੀ ਜਾ ਰਹੀ ਮੰਗ ਜ਼ੋਰ ਫੜ ਗਈ ਸੀ। ਬੋਰਡ ਦੇ ਸੱਤ ਮੈਂਬਰਾਂ ਵਿੱਚ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ, ਗ੍ਰਹਿ ਅਤੇ ਕਾਨੂੰਨ ਵਿਭਾਗਾਂ ਦੇ ਸਕੱਤਰ ਅਤੇ ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ, ਇੱਕ ਜ਼ਿਲ੍ਹਾ ਜੱਜ ਅਤੇ ਦਿੱਲੀ ਪੁਲੀਸ ਦਾ ਇੱਕ ਸੀਨੀਅਰ ਅਧਿਕਾਰੀ ਸ਼ਾਮਲ ਹੈ। ਭੁੱਲਰ ਨੂੰ 1993 ਵਿਚ ਦਿੱਲੀ ਵਿਚ ਹੋਏ ਬੰਬ ਧਮਾਕੇ ਵਿਚ 9 ਲੋਕਾਂ ਦੀ ਹੱਤਿਆ ਅਤੇ 31 ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਹਮਲੇ ਵਿੱਚ ਬਚਣ ਵਾਲਿਆਂ ਵਿੱਚ ਸਾਬਕਾ ਯੂਥ ਕਾਂਗਰਸ ਪ੍ਰਧਾਨ ਐਮਐਸ ਬਿੱਟਾ ਵੀ ਸ਼ਾਮਲ ਹਨ। ਭੁੱਲਰ ਨੂੰ 25 ਅਗਸਤ 2001 ਨੂੰ ਟਾਡਾ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ।-ਏਜੰਸੀ