ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਪਰੈਲ
ਅਮਰੀਕਾ ਦੇ ਚਾਰ ਸੈਨੇਟਰ ਅਤੇ ਇਕ ਪ੍ਰਤੀਨਿਧੀ ਕਾਂਗਰਸ ਮੈਨ ਸਣੇ 18 ਵਿਅਕਤੀਆਂ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਅਮਰੀਕੀ ਸੈਨੇਟਰ ਨੇ ਉਥੇ ਸਿੱਖਾਂ ਖ਼ਿਲਾਫ਼ ਹੋ ਰਹੇ ਨਸਲੀ ਹਮਲਿਆਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਹ ਹਮਲੇ ਸਿੱਖਾਂ ’ਤੇ ਨਹੀਂ, ਸਗੋਂ ਅਮਰੀਕਾ ’ਤੇ ਹਨ।
ਇੱਥੇ ਪੁੱਜੇ ਵਫ਼ਦ ਵਿੱਚ ਨਿਊਯਾਰਕ ਦੀ ਸੈਨੇਟਰ ਕਰਸਟਨ ਗਿੱਲੀਬਰਾਂਡ, ਨਿਊਜਰਸੀ ਦੇ ਸੈਨੇਟਰ ਕੋਰੀ ਬੂਕਰ, ਰ੍ਹੋਡ ਆਈਲੈਂਡ ਦੇ ਸੈਨੇਟਰ ਸ਼ੈਲਡਨ ਵ੍ਹਾਈਟਹਾਊਸ, ਐਰੀਜ਼ੋਨਾ ਦੇ ਸੈਨੇਟਰ ਮਾਰਕ ਕੈਲੀ, ਕਾਂਗਰਸ ਮੈਨ ਮੋਨਡੇਅਰ ਜੋਨਸ ਅਤੇ ਸੈਨੇਟਰਾਂ ਦੇ ਕੁਝ ਪਰਿਵਾਰਕ ਮੈਂਬਰਾਂ ਸਣੇ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਸ਼ਾਮਲ ਹਨ। ਅਮਰੀਕੀ ਵਫ਼ਦ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਿਆ, ਜਿਥੇ ਉਨ੍ਹਾਂ ਲੰਗਰ ਦੀ ਮਰਿਆਦਾ ਬਾਰੇ ਜਾਣਕਾਰੀ ਹਾਸਲ ਕੀਤੀ।
ਸੈਨੇਟਰ ਕੋਰੀ ਬੂਕਰ ਆਖਿਆ ਕਿ ਅਮਰੀਕਾ ਵਿੱਚ ਸਿੱਖਾਂ ’ਤੇ ਨਸਲੀ ਹਮਲੇ ਮੰਦਭਾਗੇ ਹਨ ਅਤੇ ਉਹ ਬਤੌਰ ਸੈਨੇਟਰ ਸਿੱਖਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਨਸਲੀ ਹਮਲੇ ਸਿੱਖਾਂ ’ਤੇ ਨਹੀਂ, ਸਗੋਂ ਅਮਰੀਕਾ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਅਮਰੀਕਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।
ਇਸੇ ਦੌਰਾਨ ਅਮਰੀਕੀ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਵਧੀਕ ਮੈਨੇਜਰ ਸਤਨਾਮ ਸਿੰਘ ਰਿਆੜ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸਿਰੋਪਾਓ, ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਕੇ ਸਨਮਾਨਿਆ। ਇਸ ਤੋਂ ਪਹਿਲਾਂ ਇਸ ਅਮਰੀਕੀ ਵਫ਼ਦ ਦਾ ਹਵਾਈ ਅੱਡੇ ਉੱਤੇ ਪੁੱਜਣ ’ਤੇ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿਧਾਇਕ ਬਲਜਿੰਦਰ ਕੌਰ ਨੇ ਨਿੱਘਾ ਸਵਾਗਤ ਕੀਤਾ।