ਪੱਤਰ ਪ੍ਰੇਰਕ
ਮਾਨਸਾ, 6 ਦਸੰਬਰ
ਮਾਲਵਾ ਖੇਤਰ ਵਿੱਚ ਕਣਕ ਦੀ ਫ਼ਸਲ ’ਤੇ ਗੋਭ ਦੀ ਗੁਲਾਬੀ ਸੁੰਡੀ ਦੇ ਹਮਲੇ ਦੀ ਖ਼ਬਰ ਮਿਲਣ ਮਗਰੋਂ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਇਸ ਹਮਲੇ ਤੋਂ ਨਾ ਘਬਰਾਉਣ ਦਾ ਸੱਦਾ ਦਿੰਦਿਆਂ ਖੇਤੀ ਮਾਹਿਰਾਂ ਨੂੰ ਖੇਤਾਂ ਵਿੱਚ ਜਾ ਕੇ ਹਾੜੀ ਦੀ ਇਸ ਮੁੱਖ ਫ਼ਸਲ ਦਾ ਨਿਰੀਖਣ ਕਰਨ ਲਈ ਕਿਹਾ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਨਰਮੇ ਵਾਲੇ ਖੇਤਾਂ ਦੀ ਥਾਂ ਝੋਨੇ ਵਾਲੇ ਖੇਤਾਂ ਵਿੱਚ ਅਕਸਰ ਆ ਜਾਂਦਾ ਹੈ, ਪਰ ਇਹ ਪਹਿਲੇ ਪਾਣੀ ਤੋਂ ਬਾਅਦ ਆਪਣੇ-ਆਪ ਠੀਕ ਹੋ ਜਾਂਦਾ ਹੈ। ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਸੁੰਡੀ ਦਾ ਹਮਲਾ ਹੋਇਆ ਹੈ, ਉਥੇ ਦਿਨ ਵੇਲੇ ਪਾਣੀ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਮਿੱਤਰ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਦੱਸਿਆ ਕਿ ਕਣਕ ਨੂੰ ਅਗੇਤਾ ਪਾਣੀ ਲਾਉਣ ਨਾਲ ਕਿਸਾਨਾਂ ਲਈ ਨਵੀਂ ਤਕਲੀਫ਼ ਖੜ੍ਹੀ ਹੋ ਜਾਂਦੀ ਹੈ, ਜਿਸ ਨਾਲ ਨਦੀਨ ਖੇਤਾਂ ਵਿੱਚ ਉਗ ਆਉਂਦੇ ਹਨ, ਜਿਨ੍ਹਾਂ ਨੂੰ ਮਾਰਨ ਲਈ ਕਈ ਕਿਸਮ ਦੀਆਂ ਮਹਿੰਗੀਆਂ ਸਪਰੇਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਪਰੇਆਂ ਨਾਲ ਕਿਸਾਨ ਦਾ ਆਰਥਿਕ ਤੌਰ ’ਤੇ ਦੂਹਰਾ ਨੁਕਸਾਨ ਹੁੰਦਾ ਹੈ।