ਜੈਸਮੀਨ ਭਾਰਦਵਾਜ
ਨਾਭਾ, 4 ਸਤੰਬਰ
ਬੁੱਧਵਾਰ ਤੜਕਸਾਰ ਪੀਪੀਐੱਸ ਸਕੂਲ ਕੋਲ ਐੱਸਐੱਸਪੀ ਪਟਿਆਲਾ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਕੁਝ ਪੜਤਾਲ ਕਰਦੀ ਦੇਖੀ ਗਈ। ਸੂਤਰਾਂ ਮੁਤਾਬਕ ਦਾਅਵੇ ਕੀਤੇ ਜਾ ਰਹੇ ਸਨ ਕਿ ਸਕੂਲ ਦੀ ਦਸਵੀਂ ਜਮਾਤ ਦਾ ਵਿਦਿਆਰਥੀ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦਾ ਪੁੱਤਰ ਸਵੇਰੇ 4 ਵਜੇ ਦੇ ਕਰੀਬ ਹੋਸਟਲ ’ਚੋਂ ਗਾਇਬ ਹੋ ਗਿਆ ਸੀ ਤੇ ਲਗਭਗ 9 ਘੰਟੇ ਬਾਅਦ ਸਰਕੂਲਰ ਰੋਡ ਨਾਭਾ ਤੋਂ ਬਰਾਮਦ ਹੋਇਆ।
ਦੂਜੇ ਪਾਸੇ ਐੱਸਐੱਸਪੀ ਨਾਨਕ ਸਿੰਘ ਨੇ ਇਸ ਖਬਰ ਨੂੰ ਝੁਠਲਾਉਂਦਿਆਂ ਕਿਹਾ ਕਿ ਬੱਚਾ ਗਾਇਬ ਨਹੀਂ ਹੋਇਆ ਸੀ। ਉਨ੍ਹਾਂ ਕਿਹਾਿ, ‘‘ਡਿਪਟੀ ਸਪੀਕਰ ਆਪਣੇ ਪੁੱਤਰ ਨੂੰ ਮਿਲਣ ਸਕੂਲ ਆਏ ਸਨ ਤੇ ਪ੍ਰੋਟੋਕੋਲ ਦੇ ਤਹਿਤ ਉਥੇ ਪੁਲੀਸ ਤਾਇਨਾਤ ਸੀ।’’ ਜ਼ਿਕਰਯੋਗ ਹੈ ਕਿ ਜ਼ਿਆਦਾਤਰ ਪੁਲੀਸ ਅਧਿਕਾਰੀ ਸਿਵਲ ਕੱਪੜਿਆਂ ਵਿੱਚ ਹੀ ਸਨ।