ਰਾਮ ਸਰਨ ਸੂਦ
ਅਮਲੋਹ, 6 ਅਕਤੂਬਰ
ਇੱਥੋਂ ਦੀ ਪੁਲੀਸ ਨੇ ਨਕਲੀ ਪੁਲੀਸ ਮੁਲਾਜ਼ਮ ਬੁਲਾ ਕੇ ਇਕ ਵਿਅਕਤੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਸੁਖਵਿੰਦਰ ਸਿੰਘ ਉਰਫ਼ ਨੋਨਾ ਵਾਸੀ ਮਾਜਰੀ ਕਿਸ਼ਨੇ ਵਾਲੀ ਨੂੰ ਕਾਬੂ ਕੀਤਾ ਹੈ ਜਦੋਂ ਕਿ ਉਸ ਦਾ ਇਕ ਹੋਰ ਸਾਥੀ ਫਰਾਰ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅਗਵਾ ਕੀਤੇ ਡੀਜੇ ਮਾਲਕ ਦਵਿੰਦਰ ਸਿੰਘ ਵਾਸੀ ਬਰਾਸ ਨੂੰ ਰਿਹਾਅ ਕਰਵਾ ਲਿਆ ਹੈ।
ਥਾਣਾ ਅਮਲੋਹ ਦੇ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਅਮਲੋਹ ਪੁਲੀਸ ਨੇ 16 ਸਾਲਾਂ ਵਿਦਿਆਰਥੀ ਖੁਸ਼ਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਤਾਇਆ ਦਵਿੰਦਰ ਸਿੰਘ ਵਾਸੀ ਬਰਾਸ ਡੀਜੇ ਦਾ ਕੰਮ ਕਰਦਾ ਹੈ ਅਤੇ ਉਹ ਤੇ ਉਸ ਦਾ ਭਰਾ ਵੀ ਕਈ ਵਾਰ ਪ੍ਰੋਗਰਾਮ ਲਗਾਉਣ ਲਈ ਉਸ ਨਾਲ ਚਲੇ ਜਾਂਦੇ ਹਨ। ਵਾਲੀਆ ਟੈਂਟ ਦੇ ਮਾਲਕ ਸੁਖਵਿੰਦਰ ਸਿੰਘ ਉਰਫ਼ ਨੋਨਾ ਨੇ ਉਸ ਦੇ ਤਾਏ ਨੂੰ ਥਾਣਾ ਅਮਲੋਹ ਦੇ ਪਿੰਡ ਮਾਨਗੜ੍ਹ ਦੇ ਵਿਆਹ ਦਾ ਪ੍ਰੋਗਰਾਮ ਬੁੱਕ ਕਰਵਾਇਆ ਸੀ ਅਤੇ ਪ੍ਰੋਗਰਾਮ ਸਮਾਪਤ ਹੋਣ ਬਾਅਦ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਨੋਨਾ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਗਾਲੀ ਗਲੋਚ ਕਰਕੇ ਕੁੱਟਮਾਰ ਕਰਨ ਲੱਗ ਪਏ। ਇਸੇ ਦੌਰਾਨ ਇਹਨੇ ਫ਼ੋਨ ਕਰਕੇ 2 ਵਿਅਕਤੀ ਬੁਲਾ ਲਏ ਜਿਨ੍ਹਾਂ ਖ਼ੁਦ ਨੂੰ ਅਮਲੋਹ ਥਾਣੇ ਦੇ ਪੁਲੀਸ ਮੁਲਾਜ਼ਮ ਦੱਸਿਆ ਜਿਸ ’ਤੇ ਉਹ ਉਸ ਦੇ ਤਾਏ ਨੂੰ ਬੁਲੇਟ ਮੋਟਰਸਾਈਕਲ ’ਤੇ ਕਥਿਤ ਅਗਵਾ ਕਰ ਕੇ ਲੈ ਗਏ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਮਲੋਹ ਥਾਣੇ ਆ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਅਮਲੋਹ ਥਾਣੇ ਤੋਂ ਕੋਈ ਮੁਲਾਜ਼ਮ ਨਹੀਂ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਕੀਤੀ ਤਾਂ ਸੁਖਵਿੰਦਰ ਸਿੰਘ ਉਰਫ਼ ਨੋਨਾ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ ਦਵਿੰਦਰ ਸਿੰਘ ਨੂੰ ਛੁਡਵਾ ਕੇ ਉਸ ਦਾ ਮੈਡੀਕਲ ਕਰਵਾਇਆ ਗਿਆ ਜਦੋਂ ਕਿ ਇਸ ਦੇ ਦੂੁਸਰੇ ਸਾਥੀ ਦੀ ਭਾਲ ਜਾਰੀ ਹੈ।