ਪੱਤਰ ਪ੍ਰੇਰਕ
ਚੰਡੀਗੜ੍ਹ, 17 ਜੁਲਾਈ
ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਐੱਨਪੀਏ ਦੀ ਮੰਗ ਸਬੰਧੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ਦੀ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ। ਡਾ. ਇੰਦਰਵੀਰ ਸਿੰਘ ਗਿੱਲ ਤੇ ਮੀਡੀਆ ਇੰਚਾਰਜ ਡਾ. ਸਰਬਦੀਪ ਸਿੰਘ ਨੇ ਦੱਸਿਆ ਕਿ ਇਹ ਹੜਤਾਲ 18 ਤੇ 19 ਜੁਲਾਈ ਸ਼ਾਮ ਤੱਕ ਜਾਰੀ ਰਹੇਗੀ ਅਤੇ ਕੈਬਨਿਟ ਸਬ-ਕਮੇਟੀ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਕ ਜੇਕਰ ਸਰਕਾਰ ਨੇ 19 ਜੁਲਾਈ ਤੱਕ ਡਾਕਟਰਾਂ ਦੀ ਐੱਨਪੀਏ ਵਾਲੀ ਮੰਗ ਪੂਰੀ ਨਾ ਕੀਤੀ ਤਾਂ ਉਸੇ ਸ਼ਾਮ ਸੂਬਾਈ ਮੀਟਿੰਗ ਸੱਦ ਕੇ ਸਰਕਾਰ ਖਿਲਾਫ਼ ਡਾਕਟਰਾਂ ਵੱਲੋਂ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਡਾਕਟਰਾਂ ਨੇ ਅੱਜ ਵੀ ਸਰਕਾਰੀ ਓਪੀਡੀਜ਼ ਦਾ ਬਾਈਕਾਟ ਕਰਕੇ ਆਪਣੇ ਪੱਧਰ ’ਤੇ ਓਪੀਡੀਜ਼ ਚਲਾ ਕੇ ਲੋਕਾਂ ਤੇ ਵੈਟਰਨਰੀ ਹਸਪਤਾਲਾਂ ਵਿੱਚ ਪਸ਼ੂਆਂ ਦੇ ਮੁਫ਼ਤ ਇਲਾਜ ਕੀਤਾ।