ਚਰਨਜੀਤ ਭੁੱਲਰ
ਚੰਡੀਗੜ੍ਹ, 10 ਜਨਵਰੀ
ਪੰਜਾਬ ਦੇ ਕਿਸਾਨ ਅੰਦੋਲਨ ਵਿੱਚ ਇਸ ਵਾਰ ਲੋਹੜੀ ਤੋਂ ਪਹਿਲਾਂ ਹੀ ਦੁੱਲਾ ਭੱਟੀ ਦੀ ਗੂੰਜ ਪੈਣ ਲੱਗੀ ਹੈ। ਠੰਢ ਦਾ ਕਹਿਰ ਵਧਣ ਦੇ ਬਾਵਜੂਦ ਕਿਸਾਨ ਧਿਰਾਂ ਨੇ ਲੋਹੜੀ ਮੌਕੇ ਰੋਸ ਜ਼ਾਹਰ ਕਰਨ ਦੀ ਵਿਉਂਤ ਉਲੀਕਣੀ ਸ਼ੁਰੂ ਕਰ ਦਿੱਤੀ ਹੈ। 32 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ 26 ਜਨਵਰੀ ਨੂੰ ਹੋ ਰਹੀ ਕਿਸਾਨ ਪਰੇਡ ਲਈ ਟਰੈਕਟਰਾਂ ਦੀ ਬੱਝਵੇਂ ਰੂਪ ਵਿੱਚ ਤਿਆਰੀ 17 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ।
ਪੰਜਾਬ ਵਿੱਚ ਟੌਲ ਪਲਾਜ਼ਿਆਂ, ਦਰਜਨ ਰੇਲਵੇ ਪਾਰਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਤੋਂ ਇਲਾਵਾ ਕਾਰਪੋਰੇਟੀ ਕਾਰੋਬਾਰੀ ਅਦਾਰਿਆਂ ਅੱਗੇ ਕਿਸਾਨਾਂ ਦੇ ਨਾਅਰੇ ਗੂੰਜ ਰਹੇ ਹਨ। ਕਿਸਾਨ ਆਗੂ ਦੱਸਦੇ ਹਨ ਕਿ ਪੰਜਾਬ ਵਿੱਚ ਚੱਲ ਰਹੇ ਧਰਨਿਆਂ ਵਿੱਚ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਨਾਲ ਸਬੰਧਤ ਪ੍ਰੋਗਰਾਮ ਕੀਤੇ ਜਾਣਗੇ। ਲੋਹੜੀ ਦਾ ਤਿਉਹਾਰ ਇਸ ਵਾਰ ਦੁੱਲਾ ਭੱਟੀ ਨੂੰ ਸਮਰਪਿਤ ਹੋਵੇਗਾ। ਕਿਸਾਨ ਧਿਰਾਂ ਵੱਲੋਂ ਟੌਲ ਪਲਾਜ਼ਿਆਂ ਅਤੇ ਧਰਨੇ ਵਾਲੀਆਂ ਥਾਵਾਂ ’ਤੇ ਨਾਟਕਾਂ ਵਾਲੀਆਂ ਟੀਮਾਂ ਨੂੰ ਸੱਦਿਆ ਜਾ ਰਿਹਾ ਹੈ। ਇਸ ਵਾਰ ਲੋਹੜੀ ਵਾਲੀ ਰਾਤ ਤਿਲਾਂ ਦੀ ਥਾਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਅੱਗ ’ਚ ਸੁੱਟੀਆਂ ਜਾਣਗੀਆਂ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਨੇ ਟੌਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਅੱਜ ਠੰਢ ਦੇ ਬਾਵਜੂਦ ਮੋਰਚਾ ਜਾਰੀ ਰੱਖਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਦੱਸਿਆ ਕਿ ਕਿਸਾਨ ਪਰੇਡ ਸਬੰਧੀ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਤੋਂ ਪਹਿਲਾਂ ਲੋਹੜੀ ਮੌਕੇ ਦੁੱਲਾ ਭੱਟੀ ਨਾਲ ਸੰਬਧਿਤ ਪ੍ਰੋਗਰਾਮ ਕਰਵਾਏ ਜਾਣੇ ਹਨ। ਕਿਸਾਨ ਪਰੇਡ ਦੀ ਪੂਰੀ ਤਿਆਰੀ 17 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਦੱਸਿਆ ਕਿ ਕਿਸਾਨ ਪਰੇਡ ਲਈ ਹੁਸ਼ਿਆਰਪੁਰ ਦੇ ਕਿਸਾਨਾਂ ਨੇ ਟਰਾਲੇ ਬੁੱਕ ਕਰਵਾ ਲਏ ਹਨ, ਜਿਨ੍ਹਾਂ ਵਿੱਚ ਟਰੈਕਟਰ ਦਿੱਲੀ ਲਿਆਂਦੇ ਜਾਣਗੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਜੰਡਿਆਲਾ ਗੁਰੂ ਦੇ ਪ੍ਰਧਾਨ ਜਰਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਜਥੇਬੰਦੀ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਪਿੰਡਾਂ ਦੇ ਲੋਕਾਂ ਨੂੰ 12 ਜਨਵਰੀ ਨੂੰ ਦਿੱਲੀ ਜਾਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਦੌਰਾਨ ਕਿਸਾਨ ਆਗੂ ਸੂਬੇਦਾਰ ਨਰੰਜਣ ਸਿੰਘ ਜਬੋਵਾਲ, ਬਲਵੀਰ ਜਬੋਵਾਲ, ਸਤਨਾਮ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਗੋਪੀ, ਕੰਵਲਜੀਤ ਸਿੰਘ, ਮੁਖਬੈਨ ਸਿੰਘ ਅਤੇ ਅਮੋਲਕਜੀਤ ਸਿੰਘ ਸ਼ਾਮਿਲ ਹੋਏ। ਇਸ ਵਾਰ ਦੁਆਬੇ ’ਚ ਵੀ ਕਿਸਾਨੀ ਹਮਾਇਤ ਵਿੱਚ ਸਰਗਰਮੀ ਬਣੀ ਹੈ ਅਤੇ ਮਾਝੇ ਦੇ ਲੋਕ ਪਹਿਲਾਂ ਹੀ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨੀ ਘੋਲ ਦੀਆਂ ਬਾਰੀਕੀਆਂ ਤੋਂ ਜਾਣੂ ਕਰਾਉਣ ਲਈ ‘ਕਿਸਾਨ ਅਧਿਆਪਕ’ ਤਿਆਰ ਕੀਤੇ ਗਏ ਹਨ, ਜੋ ਭਲਕ ਤੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮੌਜੂਦਾ ਕਿਸਾਨੀ ਘੋਲ ਦੀ ਸਥਿਤੀ, ਪੈਂਤੜੇ ਅਤੇ ਚੁਣੌਤੀਆਂ ਬਾਰੇ ਜਾਣੂ ਕਰਵਾਉਣਗੇ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਚਾਰ ਜ਼ਿਲ੍ਹਿਆਂ ਦੇ ‘ਕਿਸਾਨ ਅਧਿਆਪਕਾਂ’ ਦੀ ਮੀਟਿੰਗ ਪਿੰਡ ਉਗਰਾਹਾਂ ਵਿੱਚ ਹੋ ਚੁੱਕੀ ਹੈ ਅਤੇ ਭਲਕੇ ਸੱਤ ਜ਼ਿਲ੍ਹਿਆਂ ਦੇ ਕਿਸਾਨ ਅਧਿਆਪਕਾਂ ਦੀ ਮੀਟਿੰਗ ਹੋਵੇਗੀ।
ਹਰਿਆਣਵੀਂ ਬੀਬੀਆਂ ਨੇ ਪਾਇਆ ਸੰਘਰਸ਼ੀ ਗੇਅਰ
ਏਲਨਾਬਾਦ (ਜਗਤਾਰ ਸਮਾਲਸਰ): ਕਿਸਾਨ ਅੰਦੋਲਨ ਹੁਣ ਹਰ ਪੱਖ ਤੋਂ ਨਿਵੇਕਲਾ ਨਜ਼ਰ ਆ ਰਿਹਾ ਹੈ। ਸੰਘਰਸ਼ ਦੌਰਾਨ ਇੱਕ ਅਨੋਖੀ ਗੱਲ ਦੇਖਣ ਨੂੰ ਮਿਲੀ ਕਿ ਹਰਿਆਣਵੀ ਔਰਤਾਂ ਵੀ ਬੜੀ ਦਲੇਰੀ ਨਾਲ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੀਆਂ ਹਨ। ਹਰਿਆਣਵੀ ਔਰਤਾਂ ਲਈ ਇਹ ਗੱਲ ਪ੍ਰਚੱਲਤ ਹੈ ਕਿ ਉਹ ਹਮੇਸ਼ਾ ਘੁੰਡ ਵਿੱਚ ਰਹਿੰਦੀਆਂ ਹਨ ਅਤੇ ਆਪਣੇ ਤੋਂ ਵਡੇਰੀ ਉਮਰ ਦੇ ਲੋਕਾਂ ਨਾਲ ਗੱਲ ਵੀ ਨਹੀਂ ਕਰਦੀਆਂ ਪਰ ਇਸ ਅੰਦੋਲਨ ਦੌਰਾਨ ਹਰਿਆਣਵੀ ਔਰਤਾਂ ਨੇ ਘੁੰਡ ਨੂੰ ਦਰਕਿਨਾਰ ਕਰਦਿਆਂ ਡਟ ਕੇ ਕਿਸਾਨਾਂ ਦੀ ਹਮਾਇਤ ਕੀਤੀ। ਹਰਿਆਣਾ ਦੀਆਂ ਕਿਸਾਨ ਬੀਬੀਆਂ ਖ਼ੁਦ ਟਰੈਕਟਰ ਚਲਾ ਕੇ ਅੰਦੋਲਨ ਵਿੱਚ ਸ਼ਾਮਲ ਹੋਈਆਂ। ਇਨ੍ਹਾਂ ਹਰਿਆਣਵੀ ਔਰਤਾਂ ਵਿੱਚ ਨਵ-ਵਿਆਹੀਆਂ ਵੀ ਸ਼ਾਮਲ ਹਨ। ਉਹ ਟਰੈਕਟਰਾਂ ’ਤੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਮਾਰਦੀਆਂ ਅੰਦੋਲਨ ’ਚ ਯੋਗਦਾਨ ਪਾ ਰਹੀਆਂ ਹਨ। ਇਲਾਕੇ ਦੀਆਂ ਕੁਝ ਔਰਤਾਂ ਨੇ ਗੱਲਬਾਤ ਦੌਰਾਨ ਆਖਿਆ ਕਿ ਔਰਤ ਹਮੇਸ਼ਾ ਹੀ ਆਪਣੇ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਇਸੇ ਲਈ ਉਹ ਵੀ ਆਪਣੇ ਖੇਤ ਬਚਾਉਣ ਲਈ ਪਰਿਵਾਰਾਂ ਸਮੇਤ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।