ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 25 ਜੁਲਾਈ
ਕੰਧਵਾਲਾ ਰੋਡ ’ਤੇ ਸਥਿਤ ਚੰਡੀਗੜ੍ਹ ਮੁਹੱਲੇ ਵਿੱਚ ਅੱਜ ਸਾਜਰੇ ਚਾਰ ਵਜੇ ਇੱਕ ਦਿਲ ਕੰਬਾਊ ਘਟਨਾ ਵਿੱਚ ਬਜ਼ੁਰਗ ਨੇ ਆਪਣੇ ਪੋਤੇ ਦੇ ਪਰਿਵਾਰ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। 92 ਸਾਲ ਦੇ ਤਾਰਾ ਚੰਦ ਨੇ ਆਪਣੇ 40 ਸਾਲਾ ਪੋਤਰੇ ਅੰਗਰੇਜ ਸਿੰਘ, ਉਸ ਦੀ ਪਤਨੀ ਗਗਨਦੀਪ ਕੌਰ ਅਤੇ ਛੇ ਮਹੀਨਿਆਂ ਦੀ ਪੜਪੋਤਰੀ ਜਸ਼ਨਦੀਪ ’ਤੇ ਪੈਟਰੋਲ ਛਿੜਕ ਕੇ ਉਸ ਵੇਲੇ ਅੱਗ ਲਗਾਈ, ਜਦੋਂ ਉਹ ਸਾਰੇ ਘੂਕ ਸੁੱਤੇ ਪਏ ਸਨ। ਘਰੇਲੂ ਵਿਵਾਦ ਕਾਰਨ ਬਜ਼ੁਰਗ ਪਿਛਲੇ ਇੱਕ ਹਫ਼ਤੇ ਤੋਂ ਪੈਟਰੋਲ ਇਕੱਠਾ ਕਰ ਰਿਹਾ ਸੀ। ਪੁਲੀਸ ਨੇ ਘਟਨਾ ਸਥਾਨ ਤੋਂ ਦਸ ਲਿਟਰ ਪੈਟਰੋਲ ਵੀ ਕਬਜ਼ੇ ਵਿੱਚ ਲਿਆ ਹੈ। ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਅੰਗਰੇਜ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੇ ਦਾਦੇ ਨਾਲ ਮਕਾਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਰੰਜਿਸ਼ ਕਾਰਨ ਤਾਰਾ ਚੰਦ ਨੇ ਅੱਜ ਤੜਕੇ ਚਾਰ ਵਜੇ ਉਨ੍ਹਾਂ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਗਗਨਦੀਪ ਨੇ ਛੇਤੀ ਹੀ ਆਪਣੇ ਪਤੀ ਅਤੇ ਧੀ ਨੂੰ ਅੱਗ ਤੋਂ ਬਚਾਇਆ। ਗਗਨਦੀਪ ਵੱਲੋਂ ਰੌਲਾ ਪਾਉਣ ’ਤੇ ਇਕੱਠੇ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਦੇ ਨਾਲ ਐਂਬੂਲੈਂਸ ਨੂੰ ਵੀ ਸੂਚਿਤ ਕੀਤਾ ਗਿਆ। ਡੀਐੱਸਪੀ ਰਾਹੁਲ ਭਾਰਦਵਾਜ ਪੁਲੀਸ ਫੋਰਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ। ਅੰਗਰੇਜ ਸਿੰਘ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਮੈਡੀਕਲ ਕਾਲਜ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਉਸਦੀ ਪਤਨੀ ਅਤੇ ਧੀ ਵਾਲ ਵਾਲ ਬਚ ਗਏ। ਤਾਰਾ ਚੰਦ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।