ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਸਤੰਬਰ
ਮੰਗਾਂ ਦੀ ਪੂਰਤੀ ਲਈ ਪੰਜਾਬ ਦੇ ਹਜ਼ਾਰਾਂ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨ ਕੰਮ ਦਾ ਬਾਈਕਾਟ ਰੱਖਣ ਦੇ ਪਹਿਲੇ ਦਿਨ ਅੱਜ ਮੁਜ਼ਾਹਰੇ ਕੀਤੇ ਗਏ। ਦਸਤਾਵੇਜ਼ੀ ਤੌਰ ’ਤੇ ਚੌਕਸ ਰਹਿੰਦਿਆਂ ਇਸ ਵਾਰ ਇਹ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਸੰਘਰਸ਼ੀ ਪਿੜ ’ਚ ਨਿੱਤਰੇ ਹਨ ਤਾਂ ਜੋ ਹੜਤਾਲ ਕਾਰਨ ਨੋਟਿਸਾਂ ਆਦਿ ਦੇ ਝੰਜਟ ’ਚ ਨਾ ਉਲਝਣਾ ਪਵੇ। ਇਸ ਹੜਤਾਲ ਦੇ ਪਹਿਲੇ ਦਿਨ ਅੱਜ ਪਾਵਰਕੌਮ ਦੀਆਂ ਸੌ ਦੇ ਕਰੀਬ ਡਿਵੀਜ਼ਨਾਂ ਤੋਂ ਇਲਾਵਾ ਅਨੇਕਾਂ ਸਬ-ਡਵੀਜ਼ਨਾਂ ਤੇ ਹੋਰ ਬਿਜਲੀ ਦਫ਼ਤਰਾਂ ਦੇ ਬਾਹਰ ਵੀ ਰੋਸ ਮੁਜ਼ਾਹਰੇ ਕੀਤੇ ਗਏ। ਬਿਜਲੀ ਸਪਲਾਈ ’ਚ ਵਿਘਨ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ। ਮੁਲਾਜ਼ਮ ਆਗੂ ਹਰਪਾਲ ਸਿੰਘ ਧਾਲੀਵਾਲ, ਰਣਜੀਤ ਢਿੱਲੋਂ, ਰਤਨ ਸਿੰਘ ਮਜਾਰੀ, ਗੁਰਪ੍ਰੀਤ ਗੰਡੀਵਿੰਡ, ਗੁਰਵੇਲ ਬੱਲੇਪੁਰੀਆ, ਮਨਜੀਤ ਚਾਹਲ, ਕੁਲਵਿੰਦਰ ਢਿੱਲੋਂ, ਭਿੰਦਰ ਚਾਹਲ, ਹਰਪਾਲ ਖੰਘੂੜਾ, ਪੂਰਨ ਖਾਈ ਤੇ ਅਵਤਾਰ ਕੈਂਥ ਦੀ ਅਗਵਾਈ ਹੇਠਲੀ ਇਸ ਹੜਤਾਲ ਵਿੱਚ ‘ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ’ ਹੇਠਲੀਆਂ ਦਸ, ‘ਬਿਜਲੀ ਏਕਤਾ ਮੰਚ’ ਦੀਆਂ ਚਾਰ ਅਤੇ ‘ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼’ ਦੀ ਜਥੇਬੰਦੀ ਸਣੇ ਪੰਦਰਾਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ। ਯੂਨੀਅਨ ਆਗੂਆਂ ਨੇ ਜ਼ਿਲ੍ਹਿਆਂ ’ਚ ਮੋਰਚੇ ਸੰਭਾਲੇ ਹੋਏ ਹਨ। ਅੱੱਜ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਸਣੇ ਸਮੂਹ ਜ਼ਿਲ੍ਹਿਆਂ ’ਚ ਹੀ ਬਿਜਲੀ ਕਾਮੇ ਸਰਗਰਮ ਰਹੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਸਮੇਂ ਸਿਰ ਤਨਖਾਹਾਂ, ਬਕਾਏ ਅਤੇ ਹੋਰ ਭੱਤੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਵਿੱਤੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਪਰੋਂ ਸੇਵਾਮੁਕਤੀ ਕਾਰਨ ਵਰ੍ਹਿਆਂ ਤੋਂ ਖਾਲੀ ਆਸਾਮੀਆਂ ’ਤੇ ਪੱਕੀ ਭਰਤੀ ਨਾ ਹੋਣ ਕਾਰਨ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਹੋਰ ਵੀ ਵੱਧਦਾ ਜਾ ਰਿਹਾ ਹੈ। ਡਿਊਟੀ ਦੌਰਾਨ ਬਿਜਲੀ ਮੁਲਾਜ਼ਮ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗੁਆ ਰਹੇ ਹਨ ਜਾਂ ਕਈ ਸਰੀਰਕ ਪੱਖੋਂ ਨਕਾਰਾ ਹੋ ਕੇ ਰਹਿ ਜਾਂਦੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਤੇ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤਰਜੀਹੀ ਆਧਾਰ ’ਤੇ ਪ੍ਰਵਾਨ ਕਰ ਕੇ ਲਾਗੂ ਵੀ ਕਰੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ 11 ਅਤੇ 12 ਸਤੰਬਰ ਨੂੰ ਵੀ ਜਾਰੀ ਰਹੇਗਾ ਜੇ ਲੋੜ ਪਈ ਤਾਂ ਇਹ ਕਾਲ ਅੱਗੇ ਵੀ ਵਧਾਈ ਜਾ ਸਕਦੀ ਹੈ।
ਮੁੱਖ ਮੰਤਰੀ ਦੀ ਭੈਣ ਦੇ ਪਿੰਡ ਵਿੱਚ ਠੱਪ ਰਹੀ ਬਿਜਲੀ ਸਪਲਾਈ
ਹੜਤਾਲ ਦੌਰਾਨ ਭਾਵੇਂ ਕਿ ਕਿਸੇ ਬਹੁਤੀ ਵੱਡੀ ਸਮੱਸਿਆ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਹੜਤਾਲੀ ਆਗੂਆਂ ਨੇ ਦੱਸਿਆ ਕਿ ਭਵਾਨੀਗੜ੍ਹ ਦੇ ਨੇੜੇ ਸਥਿਤ ਮੁੱਖ ਮੰਤਰੀ ਦੀ ਭੈਣ ਦੇ ਸਹੁਰੇ ਪਿੰਡ ਰਾਮਪੁਰਾ ਵਾਸੀ ਕਿਸਾਨ ਜੋਗਿੰਦਰ ਸਿੰਘ ਤੂਰ ਅਤੇ ਰਾਜ ਸਿੰਘ ਸਮੇਤ ਕੁਝ ਹੋਰਨਾਂ ਦਾ ਕਹਿਣਾ ਸੀ ਕਿ ਰਾਮਪੁਰਾ ਦੇ ਗਰਿੱਡ ’ਚ ਕੋਈ ਨੁਕਸ ਪੈਣ ਕਾਰਨ ਸਵੇਰੇ 10:30 ਵਜੇ ਤੋਂ ਸ਼ਾਮੀਂ 5 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੀ। ਜੋਗਿੰਦਰ ਸਿੰਘ ਤੂਰ ਨੇ ਕਿਹਾ ਕਿ ਲੋਕਾਂ ਵੱਲੋਂ ਫੋਨ ਕਰਨ ’ਤੇ ਇਲਾਕੇ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਤਾਂ ਮੌਜੂਦ ਹੈ ਪਰ ਉਸ ਕੋਲ ਸਪਲਾਈ ਚਾਲੂ ਕਰਨ ਵਾਲਾ ਕੋਈ ਵੀ ਬਿਜਲੀ ਮੁਲਾਜ਼ਮ ਨਹੀਂ ਹੈ। ਇਸ ਤਰ੍ਹਾਂ ਇੱਕਾ-ਦੁੱਕਾ ਕੁਝ ਹੋਰ ਘਟਨਾਵਾਂ ਵੀ ਸੁਣਨ ਨੂੰ ਮਿਲੀਆਂ।