ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਨਹਿਰੀ ਵਿਭਾਗ ਮਾਨਸਾ ਦੇ ਦਫ਼ਤਰ ਵਿੱਚ ਅੱਜ ਉਸ ਵੇਲੇ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਜਲ ਸਰੋਤ ਪ੍ਰਬੰਧ ’ਚੋਂ ਹਟਾਇਆ ਇੱਕ ਸੇਵਾਦਾਰ ਪੈਟਰੋਲ ਦੀ ਬੋਤਲ ਲੈ ਕੇ ਦਫ਼ਤਰ ਆ ਗਿਆ। ਜਾਣਕਾਰੀ ਮੁਤਾਬਿਕ ਉਸ ਨੇ ਖੁਦ ਨੂੰ ਦੁਬਾਰਾ ਕੰਮ ’ਤੇ ਨਾ ਲਾਉਣ ਉਤੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ। ਇਸ ਦੌਰਾਨ ਮੌਕੇ ’ਤੇ ਪੁੱਜੀ ਥਾਣਾ ਸਿਟੀ-1 ਦੀ ਪੁਲੀਸ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸੇਵਾਦਾਰ ਹਰਪ੍ਰੀਤ ਸਿੰਘ ਵਾਸੀ ਮਾਨਸਾ ਦੀ ਅਧਿਕਾਰੀਆਂ ਨਾਲ ਗੱਲਬਾਤ ਕਰਵਾਈ। ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀ ਗੁਣਦੀਪ ਸਿੰਘ ਨੇ ਕਿਹਾ ਕਿ ਹਰਪ੍ਰੀਤ ਸਿੰਘ ਦਫ਼ਤਰ ਵਿੱਚ ਹੀ ਕੰਮ ਕਰਦਾ ਰਿਹਾ ਹੈ, ਪਰ ਹੁਣ ਸੂਬਾ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਕਿਸੇ ਕੰਮ ਲਾਇਆ ਤੇ ਹਟਾਇਆ ਜਾ ਸਕਦਾ ਹੈ, ਜਿਸ ਵਿੱਚ ਇਕੱਲੇ ਅਧਿਕਾਰੀ ਦੇ ਵੱਸ ਨਹੀਂ ਹੈ।