ਗੁਰਬਖਸ਼ਪੁਰੀ
ਤਰਨ ਤਾਰਨ, 18 ਸਤੰਬਰ
ਪਿੰਡ ਸ਼ਹਾਬਪੁਰ ਡਿਆਲ ਵਿੱਚ ਇੱਕ ਗੁਰਸਿੱਖ ਕਿਸਾਨ ਪਰਿਵਾਰ ਦੇ ਘਰ ਖੁਦ ਨੂੰ ਬਿਜਲੀ ਮੁਲਾਜ਼ਮ ਦੱਸ ਦੇ ਕੇ ਛਾਪਾ ਮਾਰਨ ਵਾਲੀ ਆਬਕਾਰੀ ਵਿਭਾਗ ਟੀਮ ਨੂੰ ਲਿਖ਼ਤੀ ਮੁਆਫ਼ੀ ਮੰਗਣੀ ਪਈ ਹੈ। ਜਾਣਕਾਰੀ ਅਨੁਸਾਰ ਖੇਤਾਂ ਵਿੱਚ ਰਹਿ ਰਹੇ ਕਿਸਾਨ ਭਜਨ ਸਿੰਘ ਦੇ ਘਰ ਜਦੋਂ ਛਾਪਾ ਮਾਰਿਆ ਗਿਆ ਤਾਂ ਘਰ ਵਿੱਚ ਕੋਈ ਮਰਦ ਮੈਂਬਰ ਮੌਜੂਦ ਨਹੀਂ ਸੀ। ਇਸ ਦੌਰਾਨ ਘਰ ’ਚ ਮੌਜੂਦ ਬੇਅੰਤ ਬੀਰ ਕੌਰ ਨੇ ਟੀਮ ਨੂੰ ਉਨ੍ਹਾਂ ਦੇ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਟੀਮ ਦੇ ਲਗਪਗ ਤੀਹ ਮੈਂਬਰਾਂ ਨੇ ਖ਼ੁਦ ਨੂੰ ਬਿਜਲੀ ਮੁਲਾਜ਼ਮ ਦੱਸਦਿਆਂ ਘਰ ਵਿੱਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਬੇਅੰਤ ਬੀਰ ਕੌਰ ਨੇ ਤੁਰੰਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਥਾਨਕ ਆਗੂਆਂ ਨੂੰ ਸੂਚਿਤ ਕੀਤਾ। ਇਸ ਮਗਰੋਂ ਕਿਸਾਨ ਆਗੂ ਤੇ ਆਲੇ-ਦੁਆਲੇ ਦੇ ਲੋਕਾਂ ਨੇ ਟੀਮ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਥਾਣਾ ਸਰਹਾਲੀ ਦੇ ਮੁਖੀ ਸਬ ਇੰਸਪੈਕਟਰ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੀ ਪੁੱਜ ਗਈ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ, ਜਿਸ ਮਗਰੋਂ ਆਬਕਾਰੀ ਇੰਸਪੈਕਟਰ ਅਮਰੀਕ ਸਿੰਘ ਨੇ ਲਿਖਤੀ ਤੌਰ ’ਤੇ ਗ਼ਲਤ ਸੂਚਨਾ ਦੇ ਆਧਾਰ ’ਤੇ ਮਾਰੇ ਇਸ ਛਾਪੇ ਲਈ ਲਿਖਤੀ ਮੁਆਫ਼ੀ ਮੰਗੀ। ਇੰਸਪੈਕਟਰ ਅਮਰੀਕ ਸਿੰਘ ਨੇ ਅੱਜ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕਿਸੇ ਸੂਹ ਦੇ ਆਧਾਰ ’ਤੇ ਮੌਕੇ ’ਤੇ ਗਏ ਸਨ, ਪਰ ਉਨ੍ਹਾਂ ਨੂੰ ਮਿਲੀ ਸੂਹ ਗ਼ਲਤ ਨਿਕਲੀ। ਉਨ੍ਹਾਂ ਮੁਆਫੀ ਮੰਗੇ ਜਾਣ ਦੀ ਪੁਸ਼ਟੀ ਕੀਤੀ ਹੈ।