ਪਵਨ ਗੋਇਲ
ਭੁੱਚੋ ਮੰਡੀ, 28 ਨਵੰਬਰ
ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਦੇ ਮੋਰਚਿਆਂ ਵਿੱਚ ਡਟੀਆਂ ਕਿਸਾਨ ਬੀਬੀਆਂ ਦੀਆਂ ਨਜ਼ਰਾਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ’ਤੇ ਟਿਕੀਆਂ ਹੋਈਆਂ ਸਨ। ਉਹ ਮੋਬਾਈਲ ’ਤੇ ਚੱਲ ਰਹੇ ਲਾਈਵ ਪ੍ਰਸਾਰਨ ਨੂੰ ਗਹੁ ਨਾਲ ਦੇਖ ਕੇ ਮੋਦੀ ਸਰਕਾਰ ਨੂੰ ਕੋਸ ਰਹੀਆਂ ਸਨ। ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਵੱਲੋਂ ਦਿੱਲੀ ਕੂਚ ਕਰਨ ਤੋਂ ਬਾਅਦ ਇਨ੍ਹਾਂ ਮੋਰਚਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਸਤਰੀ ਵਿੰਗ ਵੱਲੋਂ ਸੰਭਾਲਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਬੀਬੀਆਂ ਅਤੇ ਵੱਡੀ ਉਮਰ ਦੇ ਕਿਸਾਨ ਸ਼ਾਮਲ ਸਨ। ਦਿੱਲੀ ਕੂਚ ਤੋਂ ਬਾਅਦ ਵੀ ਮੋਰਚਿਆਂ ਵਿੱਚ ਅੰਦੋਲਨਕਾਰੀਆਂ ਦੀ ਗਿਣਤੀ ਵਿੱਚ ਕੋਈ ਘਾਟ ਨਹੀਂ ਆਈ। ਇਸ ਮੌਕੇ ਆਗੂ ਸੁਖਜੀਤ ਕੌਰ, ਜਸਵੀਰ ਕੌਰ, ਜਸਵੰਤ ਕੌਰ, ਦਵਿੰਦਰ ਕੌਰ, ਭੂਰੋ ਕੌਰ, ਜਸਮੇਲ ਕੌਰ ਅਤੇ ਕੁਲਦੀਪ ਕੌਰ ਨੇ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ।