ਚੰਡੀਗੜ੍ਹ, 5 ਫਰਵਰੀ
ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਫੈਸਲਾ ਕਰੇਗਾ ਕਿ 60 ਉਮੀਦਵਾਰ ਵਿਧਾਇਕ ਚੁਣੇ ਜਾਂਦੇ ਹਨ ਜਾਂ ਨਹੀਂ। ਪੰਜਾਬ ‘ਚ ਸਰਕਾਰ ਬਣਾਉਣ ਲਈ 117 ਮੈਂਬਰੀ ਵਿਧਾਨ ਸਭਾ ‘ਚੋਂ 59 ਸੀਟਾਂ ‘ਤੇ ਜਿੱਤ ਜ਼ਰੂਰੀ ਹੈ ਅਤੇ ਸਿੱਧੂ ਦੇ ਕਹਿਣ ਅਨੁਸਾਰ 60 ਦਾ ਅੰਕੜਾ ਇਸ ਤੋਂ ਇਕ ਸੀਟ ਵੱਧ ਹੈ। ਸੂਬੇ ‘ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਿੱਧੂ ਦੀ ਇਹ ਟਿੱਪਣੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਲੁਧਿਆਣਾ ਦੌਰੇ ਦੌਰਾਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਆਈ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਹਾਲਾਂਕਿ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹੀ ਵਿਅਕਤੀ 60 ਉਮੀਦਵਾਰਾਂ ਦੀ ਵਿਧਾਇਕ ਵਜੋਂ ਚੋਣ ਯਕੀਨੀ ਬਣਾ ਸਕਦਾ ਹੈ, ਜਿਸ ਕੋਲ ਪੰਜਾਬ ਦਾ ਰੋਡ ਮੈਪ ਹੋਵੇ ਅਤੇ ਜਿਸ ‘ਤੇ ਲੋਕ ਭਰੋਸਾ ਕਰਦੇ ਹੋਣ।