ਪੱਤਰ ਪ੍ਰੇਰਕ
ਲਹਿਰਾਗਾਗਾ, 20 ਅਕਤੂਬਰ
ਸੰਗਰੂਰ ਪੁਲੀਸ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪਿੰਡ ਖਾਈ ਦੇ ਰਾਜ ਮਿਸਤਰੀ ਲਖਬੀਰ ਸਿੰਘ ਲੱਖਾ (32) ਦੇ ਪਰਿਵਾਰ ਨੇ ਉਸ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਵਿਦੇਸ਼ ਵਿੱਚ ਰਹਿੰਦੇ ਖ਼ਾਲਿਸਤਾਨ ਸਮਰਥਕਾਂ ਨੇ ਲਖਬੀਰ ਸਿੰਘ ਨੂੰ ਇਸ ਕੰਮ ’ਤੇ ਲਾਇਆ ਪਰ ਪਿਤਾ ਪਾਲ ਸਿੰਘ, ਮਾਤਾ ਸਰਵਜੀਤ ਕੌਰ ਅਤੇ ਪਤਨੀ ਗਗਨਦੀਪ ਕੌਰ ਨੇ ਦਾਅਵਾ ਕੀਤਾ ਕਿ ਲਖਬੀਰ ਨੇ ਖ਼ਾਲਿਸਤਾਨ ਦੀ ਹਮਾਇਤ ਨਹੀਂ ਕੀਤੀ। ਪਾਲ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਰਕਲ ਪ੍ਰਧਾਨ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਇੱਥੋਂ ਪਾਰਟੀ ਲਈ ਉਮੀਦਵਾਰ ਹੋ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਲਾਕੇ ਵਿੱਚ ਉਨ੍ਹਾਂ ਦਾ ਅਕਸ ਵਿਗਾੜਨ ਲਈ ਅਜਿਹਾ ਕੀਤਾ ਗਿਆ ਹੈ।