ਬੀਰਬਲ ਰਿਸ਼ੀ
ਸ਼ੇਰਪੁਰ, 9 ਨਵੰਬਰ
ਸਹਿਕਾਰੀ ਸੁਸਾਇਟੀਆਂ ਵਿੱਚ ਡੀਏਪੀ ਦੀ ਵੱਡੀ ਪੱਧਰ ’ਤੇ ਘਾਟ ਅਤੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਗੱਲ ਨਾ ਸੁਣੇ ਜਾਣ ਤੋਂ ਅੱਕਿਆ ਕਿਸਾਨ ਸੰਘਰਸ਼ ਕਮੇਟੀ ਦਾ ਪ੍ਰਧਾਨ ਸਰਬਜੀਤ ਸਿੰਘ ਅਲਾਲ ਅੱਜ ਪਿੰਡ ਮੂਲੋਵਾਲ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉੱਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਬਾਬੂ ਸਿੰਘ ਮੂਲੋਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਵਾਟਰ ਵਰਕਸ ਦੇ ਹੇਠਾਂ ਧਰਨਾ ਜਾਰੀ ਹੈ।
ਪਿੰਡ ਮੂਲੋਵਾਲ ਦੀ ਟੈਂਕੀ ’ਤੇ ਚੜ੍ਹੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਪਿੰਡ ਮੂਲੋਵਾਲ, ਅਲਾਲ, ਰਣੀਕੇ ਅਤੇ ਹਸਨਪੁਰ ਚਾਰ ਪਿੰਡਾਂ ’ਤੇ ਆਧਾਰਿਤ ਸਹਿਕਾਰੀ ਸੁਸਾਇਟੀ ਮੂਲੋਵਾਲ ਅਧੀਨ ਕਿਸਾਨਾਂ ਦੀ 4200 ਏਕੜ ਜ਼ਮੀਨ ਦੀ ਬਿਜਾਈ ਲਈ ਸੱਤ ਹਜ਼ਾਰ ਬੋਰੀ ਦੀ ਅਗਾਊਂ ਮੰਗ ਕੀਤੀ ਗਈ ਸੀ, ਜਿਸ ਵਿੱਚੋਂ ਹੁਣ ਤੱਕ ਮਹਿਜ਼ 1200 ਬੋਰੀ ਸੁਸਾਇਟੀ ਨੂੰ ਮਿਲੀ ਹੈ ਜੋ ਬਹੁਤ ਘੱਟ ਹੈ। ਉਨ੍ਹਾਂ ਅਧਿਕਾਰੀਆਂ ’ਤੇ ਗਲਤ ਅੰਕੜੇ ਪੇਸ਼ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨੂੰ ਡੀਏਪੀ ਭੇਜਣ ਦੀ ਮੰਗ ਕਰਨ ’ਤੇ ਮਾਰਕਫੈੱਡ ਦੇ ਅਧਿਕਾਰੀ ਵੱਲੋਂ ਨਿੱਜੀ ਤੌਰ ’ਤੇ ਡੀਏਪੀ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ ਜਦਕਿ ਉਨ੍ਹਾਂ ਤੋਂ 350 ਬੋਰੀ ਪਿੱਛੇ ਸੱਤ ਡੱਬੇ ਨੈਨੋ ਯੂਰੀਆ ਧੱਕੇ ਨਾਲ ਲੈਣੇ ਪੈਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਚਾਰ ਥਾਈਂ ਹੋ ਰਹੀਆਂ ਜ਼ਿਮਨੀ ਚੋਣਾਂ ਵਾਲੇ ਵਿਧਾਨ ਸਭਾ ਹਲਕਿਆਂ ਵਿੱਚ ਡੀਏਪੀ ਆਮ ਮਿਲ ਰਹੀ ਹੈ ਜਦੋਂ ਕਿ ਬਾਕੀ ਪੰਜਾਬ ਵਿੱਚ ਡੀਏਪੀ ਦੀ ਕਿੱਲਤ ਹੈ।
ਡੀਏਪੀ ਦੀ ਰਹਿੰਦੀ ਸਪਲਾਈ ਜਲਦੀ ਦਿੱਤੀ ਜਾਵੇਗੀ: ਐੱਸਡੀਐੱਮ
ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਕਿਹਾ ਕਿ ਮੂਲੋਵਾਲ ਸੁਸਾਇਟੀ ’ਚ 45 ਫੀਸਦੀ ਡੀਏਪੀ ਆ ਚੁੱਕਿਆ ਹੈ ਅਤੇ ਸੱਤ ਸੌ ਗੱਟਾ ਇਕ ਦੋ ਦਿਨਾਂ ਵਿੱਚ ਹੋਰ ਆ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਬੰਸ ਸਿੰਘ ਚਾਹਲ ਨੇ ਦੱਸਿਆ ਕਿ ਮਾਰਕਫੈੱਡ ਅਧਿਕਾਰੀ ਅਮਰਿੰਦਰਜੀਤ ਵਰਮਾ ਵੱਲੋਂ 700 ਥੈਲਾ ਭਲਕ ਤੱਕ ਅਤੇ 500 ਥੈਲਾ ਇੱਕ-ਦੋ ਦਿਨਾਂ ’ਚ ਭੇਜਣ ਸਬੰਧੀ ਕਿਹਾ ਸੀ ਪਰ ਕਿਸਾਨ ਬਜ਼ਿੱਦ ਹਨ ਕਿ ਇਹ ਬੋਰੀਆਂ ਅੱਜ ਹੀ ਭੇਜੀਆਂ ਜਾਣ।