ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਦੋ ਸਾਲ ਪਹਿਲਾਂ ਕੋਵਿਡ-19 ਲੌਕਡਾਊਨ ਦੌਰਾਨ ਦਿੱਲੀ ਨੇੜਲੇ ਪਿੰਡ ਅਲੀਪੁਰ ਵਿੱਚ ਫਸੇ ਮਜ਼ਦੂਰਾਂ ਨੂੰ ਬਿਹਾਰ ਉਨ੍ਹਾਂ ਦੇ ਘਰ ਭੇਜਣ ਲਈ ਹਵਾਈ ਸਫ਼ਰ ਦਾ ਪ੍ਰਬੰਧ ਕਰਨ ਵਾਲੇ ਕਿਸਾਨ ਪੱਪਨ ਸਿੰਘ ਗਹਿਲੋਤ (55) ਦੀ ਘਰ ਦੇ ਬਾਹਰ ਮੰਦਰ ਵਿੱਚ ਪੱਖੇ ਨਾਲ ਲਾਸ਼ ਲਟਕਦੀ ਮਿਲੀ ਹੈ। ਪੁਲੀਸ ਨੂੰ ਮੌਕੇ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਗਹਿਲੋਤ ਨੇ ਕਿਹਾ ਕਿ ਉਸ ਨੇ ਆਪਣੀ ਬੀਮਾਰੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ। ਫਿਲਹਾਲ ਅਧਿਕਾਰੀ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੇ ਹਨ। ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ ਕਬਜ਼ੇ ਵਿੱਚ ਲੈ ਕੇ ਪੁੱਛਗਿੱਛ ਆਰੰਭ ਦਿੱਤੀ ਹੈ। ਕਿਸਾਨ ਨੇ ਦੋ ਸਾਲ ਪਹਿਲਾਂ ਮਜ਼ਦੂਰਾਂ ਦੇ ਹਵਾਈ ਸਫ਼ਰ ਲਈ 68,000 ਰੁਪਏ ਖਰਚੇ ਸਨ ਤੇ ਉਸ ਨੂੰ ਕੌਮੀ ਨਾਇਕ ਵਜੋਂ ਸਲਾਹਿਆ ਗਿਆ ਸੀ।