ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਸਤੰਬਰ
ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਅੱਜ 311ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨੇ ਦੌਰਾਨ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ’ਤੇ ਕਈ ਪ੍ਰਕਾਰ ਦੇ ਜਬਰ ਢਾਹੇ ਜਾ ਰਹੇ ਹਨ ਅਤੇ ਘਿਨੌਣੇ ਹੱਥਕੰਡੇ ਵਰਤੇ ਜਾ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਕਿਸਾਨੀ ਅੰਦੋਲਨ ਹੋਰ ਤੇਜ਼ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਨੇਕਾਂ ਸ਼ਹੀਦੀਆਂ ਦੇਣ ਦੇ ਬਾਵਜੂਦ ਵੀ ਕਿਸਾਨ ਮੋਰਚੇ ’ਤੇ ਅਡੋਲ ਡਟੇ ਹੋਏ ਹਨ। ਧਰਨੇ ਨੂੰ ਗੁਰਮੇਸ਼ ਸਿੰਘ, ਮਾਸਟਰ ਹਰਕੰਵਲ ਸਿੰਘ, ਬਿਮਲਾ ਦੇਵੀ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ ਤੇ ਪਰਸਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਮੋਦੀ ਸਰਕਾਰ ਵਿਰੁੱਧ ਰੋਹ ਹੋਰ ਪ੍ਰਚੰਡ ਹੋ ਕੇ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਹੈ। ਇਸ ਮੌਕ ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵਲੋਂ ਜੀਓ ਸੈਂਟਰ ਗੜ੍ਹਸ਼ੰਕਰ ਵਿੱਚ ਲੜੀਵਾਰ ਧਰਨਾ 283ਵੇਂ ਦਿਨ ਕੁਲਭੂਸ਼ਨ ਕੁਮਾਰ ਮਹਿੰਦਵਾਨੀ ਤੇ ਮੋਹਣ ਲਾਲ ਬੀਨੇਵਾਲ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨ, ਦੋ ਆਰਡੀਨੈਂਸ ਵਾਪਸ ਨਹੀਂ ਕੀਤੇ ਜਾਂਦੇ ਅਤੇ ਦੇਸ਼ ਦੇ ਪਬਲਿਕ ਸੈਕਟਰਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣਾਂ ਬੰਦ ਨਹੀਂ ਕੀਤਾ ਜਾਂਦੇ ਉਦੋਂ ਤੱਕ ਧਰਨੇ ਅਤੇ ਮੋਰਚੇ ਚੱਲਦੇ ਰਹਿਣਗੇ। ਵੱਖ-ਵੱਖ ਬੁਲਾਰਿਆਂ ਨੇ ਲੋਕਾਂ ਨੂੰ 27 ਸਤੰਬਰ ਦੇ ਭਾਰਤ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਅੱਜ ਦੇ ਧਰਨੇ ਨੂੰ ਕਾਮਰੇਡ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਸ਼ਿੰਗਾਰਾ ਰਾਮ ਭੱਜਲ, ਮਾਸਟਰ ਬਲਵੰਤ, ਰਾਮਜੀ ਦਾਸ ਚੌਹਾਨ, ਬੀਬੀ ਸੁਭਾਸ਼ ਮੱਟੂ ਇਸਤਰੀ ਸਭਾ ਪੰਜਾਬ ਤੇ ਗਰੀਬ ਦਾਸ ਬੀਟਣ ਨੇ ਸੰਬੋਧਨ ਕੀਤਾ।
ਝੋਨੇ ਦੀ ਖਰੀਦ ਲਈ ਫਰਦਾਂ ਮੰਗਣ ਦਾ ਵਿਰੋਧ
ਤਰਨ ਤਾਰਨ (ਪੱਤਰ ਪ੍ਰੇਰਕ): ਇਥੇ ਅੱਜ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਧਿਰਾਂ ਦੀ ਇਕ ਮੀਟਿੰਗ ਹੋਈ। ਇਸ ਦੌਰਾਨ ਆੜ੍ਹਤੀਆਂ ਵੱਲੋਂ ਝੋਨੇ ਦੀ ਖਰੀਦ ਲਈ ਕਿਸਾਨਾਂ ਤੋਂ ਜ਼ਮੀਨ ਦੀਆਂ ਫਰਦਾਂ ਦੀ ਮੰਗ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ| ਮੀਟਿੰਗ ਵਿੱਚ ਮੋਰਚੇ ਨਾਲ ਸਬੰਧਤ ਧਿਰਾਂ ਦੀਆਂ ਗਤੀਵਿਧੀਆਂ ਨੂੰ ਜ਼ਿਲ੍ਹੇ ਅੰਦਰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਸਾਨ ਆਗੂ ਮੁਖਤਾਰ ਸਿੰਘ ਮੱਲ੍ਹਾ ਨੂੰ ਜ਼ਿਲ੍ਹਾ ਕਨਵੀਨਰ ਚੁਣਿਆ ਗਿਆ| ਕਿਸਾਨ ਆਗੂ ਅਜੈਬ ਸਿੰਘ ਅਲਾਦੀਨਪੁਰ ਦੀ ਪ੍ਰਧਾਨ ਹੇਠ ਸਥਾਨਕ ਗਾਂਧੀ ਪਾਰਕ ਵਿੱਚ ਹੋਈ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਸਪਾਲ ਸਿੰਘ ਝਬਾਲ, ਦਲਜੀਤ ਸਿੰਘ ਦਿਆਲਪੁਰ, ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਸਿੰਘ ਪੰਡੋਰੀ ਤਖਤ ਮੱਲ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅੰਮ੍ਰਿਤਪਾਲ ਸਿੰਘ ਜੌੜਾ ਸਣੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਕੋਲੋਂ ਜ਼ਮੀਨਾਂ ਦੀਆਂ ਫਰਦਾਂ ਮੰਗਣ ਸਬੰਧੀ ਆੜ੍ਹਤੀਆਂ ਦੇ ਆਗੂਆਂ ਨਾਲ ਸੰਪਰਕ ਕਰ ਰਹੇ ਹਨ| ਇਸ ਦੌਰਾਨ ਆਗੂਆਂ ਨੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੀਆਂ ਫਰਦਾਂ ਆੜ੍ਹਤੀਆਂ ਨੂੰ ਦੇਣ ਤੋਂ ਇਨਕਾਰ ਕੀਤਾ ਹੈ।