ਜਗਮੋਹਨ ਸਿੰਘ
ਰੂਪਨਗਰ, 7 ਜੁਲਾਈ
ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਉਲਝ ਕੇ ਦਿਨੋਂ ਦਿਨ ਕਰਜ਼ਈ ਹੋ ਰਹੇ ਪੰਜਾਬ ਦੇ ਕਿਸਾਨਾਂ ਨੂੰ ਸੇਬ ਦੀ ਖੇਤੀ ਮਾਲਾਮਾਲ ਕਰ ਸਕਦੀ ਹੈ। ਪੰਜਾਬ ਦੇ ਕੰਢੀ ਖੇਤਰ ਵਿੱਚ ਪੈਂਦੇ ਜ਼ਿਲ੍ਹਿਆਂ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਇਲਾਕਾ ਸੇਬ ਦੀ ਖੇਤੀ ਲਈ ਕਾਫੀ ਢੁੱਕਵਾਂ ਹਾ ਹੈ। ਇਸ ਇਲਾਕੇ ਵਿੱਚ ਕਿਸਾਨਾਂ ਵੱਲੋਂ ਤਜਰਬੇ ਦੇ ਤੌਰ ’ਤੇ ਲਗਾਏ ਸੇਬ ਦੇ ਪੌਦਿਆਂ ਨੇ ਥੋੜ੍ਹੀ ਜਿਹੀ ਉਮਰ ਵਿੱਚ ਬੰਪਰ ਫਸਲ ਦੀ ਪੈਦਾਵਾਰ ਕਰ ਦਿੱਤੀ ਹੈ। ਰੂਪਨਗਰ ਜ਼ਿਲ੍ਹੇ ਦੇ 30 ਕਿਸਾਨਾਂ ਨੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੇਬ ਦੀ ਖੇਤੀ ਸ਼ੁਰੂ ਕੀਤੀ ਹੈ। ਸੇਬ ਦੀ ਫਸਲ ਦੀ ਬੰਪਰ ਪੈਦਾਵਾਰ ਤੋਂ ਉਤਸ਼ਾਹਿਤ ਪਿੰਡ ਦਬੁਰਜੀ ਦੇ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਫਾਊਂਡੇਸ਼ਨ ਦੀ ਮੱਦਦ ਨਾਲ ਸਿਰਫ 10 ਮਰਲੇ ’ਚ ਸੇਬਾਂ ਦੇ ਪੌਦੇ ਲਗਾਏ ਸਨ, ਜਿਸ ਤੋਂ 4 ਕੁਇੰਟਲ 50 ਕਿਲੋ ਸੇਬਾਂ ਦਾ ਝਾੜ ਨਿਕਲਿਆ ਹੈ, ਜਿਸ ਦੀ ਬਾਜ਼ਾਰੀ ਕੀਮਤ 45000 ਰੁਪਏ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਵਾਰੀ ਇੱਕ ਕਿੱਲੇ ਵਿੱਚ ਹੋਰ ਸੇਬਾਂ ਦੇ ਪੌਦੇ ਲਗਾਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਬਕਾ ਬਾਗਬਾਨੀ ਨਿਰਦੇਸ਼਼ਕ ਗੁਰਿੰਦਰ ਸਿੰਘ ਬਾਜਵਾ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਹਲ ਪਿੰਡ ਵਿੱਚ ਲਗਾਇਆ ਬਾਗ ਦੇਖ ਕੇ ਪ੍ਰੇਰਣਾ ਮਿਲੀ ਹੈ ਅਤੇ ਸ੍ਰੀ ਬਾਜਵਾ ਤੇ ਅੰਬੂਜਾ ਫਾਊਂਡੇਸ਼ਨ ਉਨ੍ਹਾਂ ਦਾ ਲਗਾਤਾਰ ਮਾਰਗਦਰਸ਼ਨ ਕਰ ਰਹੇ ਹਨ।
ਸਾਬਕਾ ਬਾਗਬਾਨੀ ਨਿਰਦੇਸ਼ਕ ਗੁਰਿੰਦਰ ਸਿੰਘ ਬਾਜਵਾ ਜੋ ਸਫਲ ਸੇਬ ਉਤਪਾਦਕ ਵੀ ਹਨ ਨੇ ਦੱਸਿਆ ਕਿ ਪੰਜਾਬ ਦਾ ਕੰਢੀ ਖੇਤਰ ਦਾ ਇਲਾਕਾ ਸੇਬ ਦੀ ਫਸਲ ਲਗਾਉਣ ਲਈ ਬਹੁਤ ਹੀ ਢੁੱਕਵਾਂ ਹੈ ਅਤੇ ਇਸ ਥਾਂ ’ਤੇ ਸੇਬ ਦੀਆਂ ਘੱਟ ਠੰਢਕ ਵਾਲੀਆਂ ਕਿਸਮਾਂ ਗੋਲਡਨ ਡੋਰਸੈੱਟ ਅਤੇ ਅੰਨਾ ਉਗਾਈਆਂ ਜਾ ਸਕਦੀਆਂ ਹਨ ਤੇ ਝੋਨੇ ਨਾਲੋਂ ਘੱਟ ਮਿਹਨਤ ਕਰਕੇ ਕਿਸਾਨ ਵੱਧ ਮੁਨਾਫਾ ਖੱਟ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੰਗੀ ਸਾਂਭ ਸੰਭਾਲ ਕਰਨ ਵਾਲਾ ਕਿਸਾਨ ਸੇਬ ਦੀ ਫਸਲ ਰਾਹੀਂ 4 ਤੋਂ 5 ਲੱਖ ਰੁਪਏ ਪ੍ਰਤੀ ਕਿੱਲਾ ਮੁਨਾਫਾ ਕਮਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੇਬ ਦਾ ਬਾਗ ਲਗਾਉਣ ਲਈ ਟਿਸ਼ੂ ਕਲਚਰ ਦੇ ਜੜ੍ਹ ਮੁੱਢ , ਜਿਵੇਂ ਐੱਮਐੱਲ-106, ਐੱਮਐੱਲ.107 ਤੇ ਐੱਮ.ਐੱਲ. 109 ਕਿਸਮਾਂ ਜ਼ਿਆਦਾ ਵਧੀਆ ਹਨ, ਕਿਉਂਕਿ ਇਨ੍ਹਾਂ ਬੂਟਿਆਂ ਦਾ ਕੱਦ ਜ਼ਿਆਦਾ ਨਹੀਂ ਵਧਦਾ ਤੇ ਫਲ ਦੀ ਤੁੜਾਈ ਆਸਾਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਟਿਸ਼ੂ ਕਲਚਰ ਦਾ ਬੂਟਾ ਤਿੰਨ ਸਾਲ ਬਾਅਦ ਫਲ ਦੇਣ ਲੱਗ ਜਾਂਦਾ ਹੈ ਤੇ ਸਿਲਡਿੰਗ ਰਾਹੀਂ ਤਿਆਰ ਪੌਦਾ 8 ਸਾਲ ਬਾਅਦ ਫਸਲ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਟਿਸ਼ੂ ਕਲਚਰ ਦੀਆਂ ਸਿਰਫ ਪਾਲਮਪੁਰ ਤੇ ਬਿਲਾਸਪੁਰ ਵਿੱਚ ਦੋ ਹੀ ਨਰਸਰੀਆਂ ਹਨ ਤੇ ਬਾਕੀ ਸਾਰੇ ਸਿਲਡਿੰਗ ਰਾਹੀਂ ਪੌਦ ਤਿਆਰ ਕਰਦੇ ਹਨ, ਇਸ ਲਈ ਪੌਦੇ ਖਰੀਦਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਦੇਣ ਦੀ ਸਖਤ ਜ਼ਰੂਰਤ ਹੈ।