ਪਾਲ ਸਿੰਘ ਨੌਲੀ
ਜਲੰਧਰ, 12 ਜੂਨ
ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਰਮਿਆਨ ਹੋਏ ਸਿਆਸੀ ਗੱਠਜੋੜ ਨੇ 2022 ਦੀਆਂ ਚੋਣਾਂ ਲਈ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ। ਚੋਣਾਂ ਵਿੱਚ ਅਜੇ 8 ਮਹੀਨੇ ਦਾ ਸਮਾਂ ਪਿਆ ਹੈ ਤੇ ਇਹ ਗੱਠਜੋੜ ਪੰਜਾਬ ਦੀ ਸਿਆਸਤ ’ਤੇ ਕਿਹੋ ਜਿਹਾ ਰੰਗ ਚਾੜ੍ਹਦਾ ਹੈ, ਇਹ ਸਮਾਂ ਹੀ ਦੱਸੇਗਾ। ਪੰਜਾਬ ਦੀ ਸਿਆਸਤ ’ਤੇ ਨਜ਼ਰਾਂ ਰੱਖਦੇ ਆ ਰਹੇ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲੀ ਨਜ਼ਰੇ ਭਾਵੇਂ ਇਸ ਗੱਠਜੋੜ ਨੂੰ ਕਾਫੀ ਹਾਂ-ਪੱਖੀ ਦੇਖਿਆ ਜਾ ਰਿਹਾ ਹੈ ਪਰ ਇਸ ਦਾ ਚੋਣਾਂ ਦੌਰਾਨ ਪੰਜਾਬ ਦੀ ਸਿਆਸਤ ’ਤੇ ਕਿੰਨਾ ਕੁ ਪ੍ਰਭਾਵ ਪਏਗਾ, ਇਸ ਬਾਰੇ ਤਾਂ ਕਿਸਾਨ ਮੋਰਚੇ ਦੀ ਰਣਨੀਤੀ ਤੈਅ ਕਰੇਗੀ। ਮਾਹਿਰਾਂ ਦਾ ਇਹ ਵੀ ਮੰਨਣਾ ਸੀ ਕਿ ਹੁਣ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਰਗਾ ਰਿਹਾ ਹੈ ਤੇ ਨਾ ਹੀ ਬਸਪਾ ਕਾਂਸ਼ੀ ਰਾਮ ਦੇ ਵੇਲਿਆਂ ਵਾਲੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿੱਚ ਪਹਿਲੀ ਵਾਰ ਸਿਆਸੀ ਗੱਠਜੋੜ ਲੋਕ ਸਭਾ ਚੋਣਾਂ ਲਈ 1996 ਵਿੱਚ ਹੋਇਆ ਸੀ। ਉਦੋਂ ਅਕਾਲੀ ਦਲ ਨੇ 8 ਤੇ ਬਸਪਾ ਨੇ 3 ਸੀਟਾਂ ਜਿੱਤੀਆਂ ਸਨ। ਪੰਜਾਬ ਵਿੱਚ 25 ਸਾਲਾਂ ਬਾਅਦ ਅਕਾਲੀ ਦਲ ਤੇ ਬਸਪਾ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਹੋਇਆ ਹੈ। ਇਨ੍ਹਾਂ 25 ਸਾਲਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ 15 ਸਾਲ ਤੱਕ ਪੰਜਾਬ ਦੀ ਸੱਤਾ ’ਤੇ ਕਾਬਜ਼ ਰਿਹਾ ਸੀ। ਲੋਕ ਸਵਾਲ ਕਰ ਰਹੇ ਹਨ ਕਿ ਕੀ ਇਨ੍ਹਾਂ 15 ਸਾਲਾਂ ਵਿੱਚ ਦਲਿਤਾਂ ’ਤੇ ਹੋਏ ਸਰਕਾਰੀ ਜਬਰ ਤੇ ਪੁਲੀਸ ਤਸ਼ੱਦਦ ਨੂੰ ਬਸਪਾ ਨੇ ਸੱਤਾ ਦੀ ਪੌੜੀ ਚੜ੍ਹਨ ਦੀ ਖਾਤਰ ਭੁਲਾ ਦਿੱਤਾ ਹੈ?