ਭਗਵਾਨ ਦਾਸ ਗਰਗ
ਨਥਾਣਾ, 3 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਥਾਨਕ ਆਗੂਆਂ, ਵਰਕਰਾਂ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਪਿੰਡ ਗਿੱਦੜ ਵਿੱਚ ਪਰਾਲੀ ਨੂੰ ਲਾਈ ਅੱਗ ਬੁਝਾਉਣ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂ ਨਗੌਰ ਸਿੰਘ, ਲਖਵੀਰ ਸਿੰਘ, ਭਰਭੂਰ ਸਿੰਘ, ਜਗਸੀਰ ਸਿੰਘ ਅਤੇ ਰਮਨਦੀਪ ਕੌਰ ਨੇ ਦੱਸਿਆ ਕਿ ਪਿੰਡ ਗਿੱਦੜ ਦੇ ਢਾਈ ਏਕੜ ਦੀ ਖੇਤੀ ਕਰਨ ਵਾਲੇ ਛੋਟੇ ਕਿਸਾਨ ਨੇ ਕਣਕ ਦੀ ਬਿਜਾਈ ਲੇਟ ਹੋਣ ਦੇ ਡਰੋਂ ਪਰਾਲੀ ਵਾਲੇ ਖੇਤਾਂ ਵਿੱਚ ਅੱਗ ਲਾ ਦਿੱਤੀ ਸੀ। ਨੋਡਲ ਅਫ਼ਸਰ ਦੀ ਸੂਚਨਾ ’ਤੇ ਅਧਿਕਾਰੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਸਣੇ ਪੁੱਜ ਗਏ ਅਤੇ ਅੱਗ ਵਾਲੇ ਖੇਤ ਦੀ ਵੀਡੀਓ ਬਣਾ ਲਈ। ਇਸ ਬਾਰੇ ਪਤਾ ਲਗਦਿਆਂ ਹੀ ਕਿਸਾਨ ਅਤੇ ਯੂਨੀਅਨ ਵਰਕਰ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਕੋਲ ਮੁਜ਼ਾਹਰਾ ਕਰਨ ਲੱਗੇ। ਇਸ ਦੌਰਾਨ ਨਥਾਣਾ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਮਾਮਲਾ ਸੁਲਝਾਉਣ ਦਾ ਯਤਨ ਕੀਤਾ।
ਡੇਢ ਘੰਟੇ ਦੇ ਘਿਰਾਓ ਮਗਰੋਂ ਕਿਸਾਨ ਅਤੇ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਵਿੱਚ ਵੀਡੀਓ ਡਿਲੀਟ ਕਰਨ ਅਤੇ ਕਿਸਾਨ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤੇ ਜਾਣ ਤੇ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਸਬੰਧਤ ਮੁਲਾਜ਼ਮਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬੀਕੇਯੂ (ਉਗਰਾਹਾਂ) ਦੇ ਆਗੂਆਂ ਨੇ ਕਿਹਾ ਕਿ ਉਹ ਪਰਾਲੀ ਨੂੰ ਅੱਗ ਲਾਉਣ ਵਾਲੇ ਛੋਟੇ ਕਿਸਾਨਾਂ ਦੇ ਹੱਕ ਵਿੱਚ ਡਟੇ ਰਹਿਣਗੇ।
ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ ਹੇਠ ਪੰਜ ਕਿਸਾਨ ਗ੍ਰਿਫ਼ਤਾਰ
ਤਰਨ ਤਾਰਨ (ਗੁਰਬਖ਼ਸ਼ਪੁਰੀ): ਪਰਾਲੀ ਨੂੰ ਬੀਤੇ ਕੱਲ੍ਹ ਅੱਗ ਲਗਾਉਣ ਵਾਲੇ ਪੰਜ ਕਿਸਾਨਾਂ ਨੂੰ ਥਾਣਾ ਸਦਰ ਪੱਟੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਘੜਿਆਲਾ ਪਿੰਡ ਦੇ ਵਾਸੀ ਹੁਸ਼ਿਆਰ ਸਿੰਘ, ਠੱਠਾ ਪਿੰਡ ਦੇ ਵਾਸੀ ਜੋਗਾ ਸਿੰਘ, ਘੜਿਆਲੀ ਰਾੜੀਆਂ ਦੇ ਵਾਸੀ ਚਾਨਣ ਸਿੰਘ, ਸੈਦਪੁਰ ਦੇ ਵਾਸੀ ਸਲਵਿੰਦਰ ਸਿੰਘ ਅਤੇ ਧਾਲੀਵਾਲ ਦੇ ਵਾਸੀ ਧਰਮਿੰਦਰ ਸਿੰਘ ਵਜੋਂ ਹੋਈ। ਪੁਲੀਸ ਨੇ ਦੱਸਿਆ ਕਿ ਬੀਤੇ ਕੱਲ੍ਹ ਪਰਾਲੀ ਨੂੰ ਅੱਗ ਲਗਾਉਣ ਦੇ ਕੁੱਲ 40 ਕੇਸ ਸਾਹਮਣੇ ਆਏ ਸਨ| ਇਨ੍ਹਾਂ ਵਿੱਚੋਂ 21 ਮਾਮਲਿਆਂ ਵਿੱਚ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਪਛਾਣ ਅਜੇ ਕੀਤੀ ਜਾਣੀ ਹੈ ਅਤੇ ਬਾਕੀ ਦੇ 19 ਵਿੱਚ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਭਾਵੇਂ ਪਛਾਣ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਵਿੱਚੋਂ ਪੰਜ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈੈ।