ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਜੂਨ
ਜਲੰਧਰ ਵਿੱਚ ਪੰਜਾਬ ਦਾ ਗਰੀਨ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਦੇਸ਼ ਦਾ ਦੂਜਾ ਤੇ ਪੰਜਾਬ ਦਾ ਪਹਿਲਾ ਕੇਸ ਹੈ। ਕਰੋਨਾ ਮਹਾਮਾਰੀ ਮਗਰੋਂ ਬਲੈਕ ਫੰਗਸ ਦਾ ਕਹਿਰ ਵਧਿਆ ਸੀ। ਇਸ ਮਗਰੋਂ ਸਫ਼ੇਦ ਤੇ ਪੀਲੀ ਫੰਗਸ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਸੀ ਤੇ ਹੁਣ ਗਰੀਨ ਫੰਗਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੋਂ ਦੇ ਸੇਕਰਡ ਹਾਰਟ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ 62 ਸਾਲਾ ਮਰੀਜ਼ ਨੂੰ ਗ੍ਰੀਨ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਸੇਕਰਡ ਹਾਰਟ ਹਸਪਤਾਲ ਵਿੱਚ ਕੁਝ ਦਿਨ ਪਹਿਲਾਂ ਰੱਈਆ ਇਲਾਕੇ ਦਾ ਮਰੀਜ਼ ਦਾਖਲ ਹੋਇਆ ਸੀ, ਜਿਸ ਦੀ ਖਾਂਸੀ ਨਹੀਂ ਹਟ ਰਹੀ ਸੀ ਤੇ ਸਾਹ ਲੈਣ ’ਚ ਤਕਲੀਫ਼ ਸੀ। ਡਾਕਟਰਾਂ ਨੂੰ ਪਹਿਲਾਂ ਟੀਬੀ ਦਾ ਸ਼ੱਕ ਹੋਇਆ ਤਾਂ ਮਰੀਜ਼ ਦੇ ਟੈਸਟ ਕਰਾਏ ਗਏ। ਟੈਸਟਾਂ ਨਾਲ ਗਰੀਨ ਫੰਗਸ ਦੀ ਪੁਸ਼ਟੀ ਹੋਈ। ਸਿਵਲ ਸਰਜਨ ਬਲਵੰਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।