ਚੰਡੀਗੜ੍ਹ: ਪੰਜਾਬ ਵਿੱਚ ਅੱਜ ਓਮੀਕਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸੇ ਮਹੀਨੇ ਸਪੇਨ ਤੋਂ ਮੁੜਿਆ ਇੱਕ 36 ਸਾਲਾ ਵਿਅਕਤੀ ਓਮੀਕਰੋਨ ਪਾਜ਼ੇਟਿਵ ਪਾਇਆ ਗਿਆ ਹੈ। ਰਾਜ ਦੇ ਨੋਡਲ ਅਫ਼ਸਰ ਡਾ. ਰਾਜੀਵ ਭਾਸਕਰ ਨੇ ਦੱਸਿਆ ਕਿ 4 ਦਸੰਬਰ ਨੂੰ ਭਾਰਤ ਆਇਆ ਇਹ ਵਿਅਕਤੀ ਨਵਾਂਸ਼ਹਿਰ ’ਚ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਸੀ। ਇੱਥੇ ਆਉਣ ’ਤੇ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ 12 ਦਸੰਬਰ ਨੂੰ ਉਸ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਸ ਦੇ ਨਮੂਨੇ ਜੀਨੋਮ ਸਿਕੁਐਂਸਿੰਗ ਲਈ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਭੇਜੇ ਗਏ। 28 ਦਸੰਬਰ ਨੂੰ ਮਿਲੀ ਰਿਪੋਰਟ ’ਚ ਉਸ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਸਿਹਤ ਮੰਤਰੀ ਓਪੀ ਸੋਨੀ ਨੇ ਪ੍ਰਸ਼ਾਸਨ ਨੂੰ ਕਰੋਨਾ ਦੀ ਟੈਸਟਿੰਗ ਤੇ ਟੀਕਾਕਰਨ ਤੇਜ਼ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅਜੇ ਪਾਬੰਦੀਆਂ ਦੀ ਲੋੜ ਨਹੀਂ ਹੈ। ਉਧਰ ਅੱਜ ਇੱਕ ਿਵਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ ਤੇ 100 ਨਵੇਂ ਕੇਸ ਸਾਹਮਣੇ ਆਏ ਹਨ। -ਪੀਟੀਆਈ