ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਈ
ਸਰਬੱਤ ਦਾ ਭਲਾ ਟਰੱਸਟ ਨੇ ਅਫ਼ਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਲਗਪਗ 20 ਹਜ਼ਾਰ ਸ਼ਰਨਾਰਥੀਆਂ ਲਈ ਸੁੱਕੇ ਰਾਸ਼ਨ ਦੀ ਪਹਿਲੀ ਖੇਪ ਦਿੱਲੀ ਵਿੱਚ ਅਫ਼ਗਾਨਿਸਤਾਨੀ ਸਫ਼ਾਰਤਖਾਨੇ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਅਫ਼ਗਾਨਿਸਤਾਨ ਸਫੀਰ ਫ਼ਰੀਦ ਮਾਮੰਦਜ਼ਈਦੀ ਨੇ ਉਨ੍ਹਾਂ ਨਾਲ ਆਨਲਾਈਨ ਮੀਟਿੰਗ ਕਰਕੇ ਇਸ ਲੋੜ ਬਾਰੇ ਜਾਣੂ ਕਰਵਾਇਆ ਸੀ, ਜਿਸ ਦੇ ਮੱਦੇਨਜ਼ਰ ਅੱਜ 120 ਟਨ ਰਾਸ਼ਨ ਦੀ ਪਹਿਲੀ ਖੇਪ ਅਫ਼ਗਾਨਿਸਤਾਨੀ ਸਫੀਰ ਨੂੰ ਸੌਂਪ ਦਿੱਤੀ ਹੈ। ਟਰੱਸਟ ਦੇ ਮੈਂਬਰਾਂ ਰਵਿੰਦਰ ਸਿੰਘ ਰੌਬਿਨ, ਸੁਖਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ ਤੇ ਨਵਜੀਤ ਸਿੰਘ ਘਈ ਨੇ ਸੁੱਕੇ ਰਾਸ਼ਨ ਨਾਲ ਭਰੇ 11 ਟਰੱਕ ਅੱਜ ਉਨ੍ਹਾਂ ਨੂੰ ਸੌਂਪੇ ਹਨ। ਇਹ ਰਾਸ਼ਨ ਦਿੱਲੀ, ਪੂਨਾ, ਹੈਦਰਾਬਾਦ ਅਤੇ ਕਲਕੱਤਾ ਆਦਿ ਸ਼ਹਿਰਾਂ ’ਚ ਰਹਿ ਰਹੇ ਸਾਰੇ ਸ਼ਰਨਾਰਥੀਆਂ ਨੂੰ ਵੰਡਿਆ ਜਾਵੇਗਾ। ਰਾਸ਼ਨ ਦੀ ਹਰ ਮਹੀਨੇ ਦਿੱਤੀ ਜਾਣ ਵਾਲੀ ਰਸਦ ਵਿਚ 30 ਕਿੱਲੋ ਦੀ ਇੱਕ ਕਿੱਟ ਹੋਵੇਗੀ, ਜਿਸ ਵਿਚ15 ਕਿੱਲੋ ਆਟਾ, 5 ਕਿੱਲੋ ਚਾਵਲ,3 ਕਿੱਲੋ ਦਾਲ, 3 ਕਿਲੋ ਖੰਡ, 2 ਕਿੱਲੋ ਨਿਊਟਰੀ ਅਤੇ 2 ਲੀਟਰ ਖਾਣਾ ਬਣਾਉਣ ਵਾਲਾ ਤੇਲ ਸ਼ਾਮਲ ਕੀਤਾ ਗਿਆ ਹੈ। ਰਾਸ਼ਨ ਤੋਂ ਇਲਾਵਾ ਮੈਡੀਕਲ ਸਾਮਾਨ ਵੀ ਦਿੱਤਾ ਜਾਵੇਗਾ, ਜਿਸ ਉਪਰ ਟਰੱਸਟ ਦਾ ਕੁੱਲ 2 ਕਰੋੜ ਰੁਪਏ ਖਰਚ ਆਵੇਗਾ।