ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਜੁਲਾਈ
ਅਫ਼ਗਾਨਿਸਤਾਨ ਨਾਲ ਮੁੜ ਵਪਾਰ ਸ਼ੁਰੂ ਹੋਣ ’ਤੇ ਲਗਪਗ ਚਾਰ ਕਰੋੜ ਰੁਪਏ ਦੀਆਂ ਵਸਤਾਂ ਦੀ ਪਹਿਲੀ ਖੇਪ ਭਲਕੇ ਸਰਹੱਦ ’ਤੇ ਪੁੱਜੇਗੀ, ਜਿਸ ਵਿਚ ਸੁੱਕੇ ਮੇਵੇ ਅਤੇ ਮੁਲੱਠੀ ਸ਼ਾਮਲ ਹੈ। ਇਹ ਖ਼ੁਲਾਸਾ ਵਪਾਰੀਆਂ ਦੀ ਜਥੇਬੰਦੀ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਐਂਡ ਟਰੇਡ ਦੇ ਡਾਇਰੈਕਟਰ ਅਸ਼ੋਕ ਸੇਠੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਵਪਾਰੀਆਂ ਨੇ ਅਫ਼ਗਾਨਿਸਤਾਨ ਤੋਂ ਪਹਿਲੀ ਖੇਪ ਵਜੋਂ ਲਗਪਗ 4 ਕਰੋੜ ਰੁਪਏ ਦਾ ਮਾਲ ਮੰਗਵਾਇਆ ਹੈ। ਪਹਿਲੀ ਖੇਪ ਵਿਚ ਚਾਰ ਟਰੱਕ ਸੁੱਕੇ ਮੇਵਿਆਂ ਦੇ ਹਨ, ਜਿਨ੍ਹਾਂ ਦੀ ਕੀਮਤ ਲਗਪਗ ਢਾਈ ਕਰੋੜ ਹੈ। ਇਸ ਤੋਂ ਇਲਾਵਾ ਲਗਪਗ ਡੇਢ ਕਰੋੜ ਰੁਪਏ ਦੀ ਮੁਲੱਠੀ ਦੇ ਪੰਜ ਟਰੱਕ ਸ਼ਾਮਲ ਹਨ। ਸ੍ਰੀ ਸੇਠੀ ਨੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਤੋਂ ਰਵਾਨਾ ਹੋਏ ਟਰੱਕ ਪਾਕਿਸਤਾਨੀ ਸਰਹੱਦ ਵਿਚ ਦਾਖ਼ਲ ਹੋ ਚੁੱਕੇ ਹਨ ਅਤੇ ਭਲਕੇ ਅਟਾਰੀ ਸਰਹੱਦ ਰਸਤੇ ਭਾਰਤ ਪੁੱਜਣਗੇ। ਉਨ੍ਹਾਂ ਆਖਿਆ ਕਿ ਅਗਲੇ ਦਿਨੀਂ ਅਫ਼ਗਾਨਿਸਤਾਨ ਤੋਂ ਹੋਰ ਮਾਲ ਵੀ ਮੰਗਵਾਇਆ ਜਾਵੇਗਾ।