ਬੀ.ਐੱਸ ਚਾਨਾ
ਕੀਰਤਪੁਰ ਸਾਹਿਬ, 24 ਮਾਰਚ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਅਰਦਾਸ ਕਰਨ ਮਗਰੋਂ ਜੈਕਾਰਿਆਂ ਦੀ ਗੂੰਜ ਨਾਲ ਅੱਜ ਛੇ ਦਿਨ ਤੱਕ ਚੱਲਣ ਵਾਲੇ ਹੋਲੇ ਮਹੱਲੇ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸ੍ਰੀ ਪਤਾਲਪੁਰੀ ਸਾਹਿਬ ਸਮੇਤ ਵੱਖ ਵੱਖ ਗੁਰੂ ਘਰਾਂ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 26 ਮਾਰਚ ਨੂੰ ਪਾਏ ਜਾਣਗੇ। ਇਸ ਦੌਰਾਨ ਹੈੱਡ ਗ੍ਰੰਥੀ ਫੂਲਾ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਮੱਥਾ ਟੇਕਿਆ। ਜਾਣਕਾਰੀ ਅਨੁਸਾਰ ਕੀਰਤਪੁਰ ਸਾਹਿਬ ਵਿੱਚ ਅੱਜ ਸ਼ੁਰੂ ਹੋਇਆ ਪਹਿਲਾ ਪੜਾਅ 26 ਮਾਰਚ ਤੱਕ ਚੱਲੇਗਾ। ਇਸ ਮਗਰੋਂ ਸੰਗਤ ਸ੍ਰੀ ਆਨੰਦਪੁਰ ਸਾਹਿਬ ਵੱਲ ਚਾਲੇ ਪਾਵੇਗੀ ਤੇ 27 ਤੋਂ 29 ਮਾਰਚ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਵੱਖ ਵੱਖ ਗੁਰਦੁਆਰਿਆਂ ਵਿੱਚ ਹੋਲੇ ਮਹੱਲੇ ਦੇ ਸਮਾਗਮ ਚੱਲਣਗੇ। 29 ਨੂੰ ਹੀ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਸਜਾਇਆ ਜਾਵੇਗਾ। ਇਸੇ ਦੌਰਾਨ ਹੋਲੇ ਮਹੱਲੇ ਮੌਕੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਵਿਰਾਸਤ-ਏ-ਖਾਲਸਾ ਸਵੇਰ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਨਗਾਰਿਆਂ ਦੀ ਚੋਟ ਨਾਲ ਹੋਲੇ ਮਹੱਲੇ ਦਾ ਆਗਾਜ਼
ਸ੍ਰੀ ਆਨੰਦਪੁਰ ਸਾਹਿਬ: ਕਿਲ੍ਹਾ ਆਨੰਦਗੜ੍ਹ ਸਾਹਿਬ ਵਿੱਚ ਪੰਜ ਪੁਰਾਤਨ ਨਗਾਰਿਆਂ ਦੀ ਚੋਟ ਨਾਲ ਅੱਜ ਹੋਲੇ ਮਹੱਲੇ ਦਾ ਆਗਾਜ਼ ਹੋ ਗਿਆ। ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਹੋਰ ਧਾਰਮਿਕ ਆਗੂਆਂ ਨੇ ਨਗਾਰਿਆਂ ’ਤੇ ਚੋਟ ਮਾਰੀ। ਅੱਜ ਹੋਲੇ ਮਹੱਲੇ ਦੇ ਰਸਮੀ ਆਗਾਜ਼ ਮੌਕੇ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ ਅਤੇ ਹੁੰਮ-ਹੁਮਾ ਕੇ ਆਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਲਈ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਸਰਕਾਰ ਕਿਸੇ ਤਰ੍ਹਾਂ ਦਾ ਦਖਲ ਨਾ ਦੇਵੇ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਸਿੱਖਾਂ ਦਾ ਕੌਮੀ ਤਿਉਹਾਰ ਹੈ, ਜਿਸ ਵਿੱਚ ਕਿਸੇ ਤਰ੍ਹਾਂ ਦਾ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।