ਟ੍ਰਿਬਿਊਨਿ ਨਿਊਜ਼ ਸਰਵਿਸ
ਲੁਧਿਆਣਾ, 24 ਸਤੰਬਰ
ਨਗਰ ਸੁਧਾਰ ਟਰੱਸਟ ਪਲਾਟ ਅਲਾਟਮੈਂਟ ਘੁਟਾਲੇ ਦੇ ਦੋਸ਼ਾਂ ’ਚ ਘਿਰਿਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਬੁਲਾਰਾ ਅਤੇ ਨਗਰ ਸੁਧਾਰ ਟਰੱਸਟ ਦਾ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ 2 ਮਹੀਨੇ ਮਗਰੋਂ ਸਾਹਮਣੇ ਆਇਆ ਹੈ। ਉਹ ਹੁਣ ਤੱਕ ਗ੍ਰਿਫ਼ਤਾਰੀ ਦੇ ਡਰੋਂ ਰੂਪੋਸ਼ ਸੀ। ਸੂਤਰ ਦੱਸਦੇ ਹਨ ਕਿ ਉਹ ਆਉਣ ਵਾਲੇ 1-2 ਦਿਨਾਂ ’ਚ ਵਿਜੀਲੈਂਸ ਕੋਲ ਚੱਲ ਰਹੀ ਘੁਟਾਲੇ ਦੀ ਜਾਂਚ ’ਚ ਸ਼ਾਮਲ ਹੋ ਸਕਦਾ ਹੈ। ਜੇ ਉਹ ਜਾਂਚ ’ਚ ਸ਼ਾਮਲ ਨਹੀਂ ਹੁੰਦਾ ਤਾਂ ਵਿਜੀਲੈਂਸ ਉਸ ਨੂੰ ਨੋਟਿਸ ਭੇਜੇਗੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਦੀ ਟੀਮ ਨੇ ਆਪਣੇ ਸਵਾਲਾਂ ਦੀ ਸੂਚੀ ਉਸ ਸਮੇਂ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸਾਬਕਾ ਚੇਅਰਮੈਨ ਨੂੰ ਰਾਹਤ ਮਿਲੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਸਾਬਕਾ ਚੇਅਰਮੈਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ।