ਜਗਮੋਹਨ ਸਿੰਘ
ਰੂਪਨਗਰ, 19 ਜੂਨ
ਪਿੰਡ ਕੋਟਲਾ ਨਿਹੰਗ ਖਾਂ ਸਥਿਤ ਪਠਾਣ ਨਿਹੰਗ ਖਾਨ ਦਾ ਕਿਲ੍ਹਾ ਸੰਭਾਲ ਖੁਣੋਂ ਢਹਿ ਚੁੱਕਾ ਹੈ। ਕਿਲ੍ਹੇ ਵਿੱਚੋਂ ਸਿਰਫ ਨਿਹੰਗ ਖਾਂ ਦੀ ਪੁੱਤਰੀ ਬੀਬੀ ਮੁਮਤਾਜ਼ ਦਾ ਉਹ ਕਮਰਾ ਹੀ ਬਾਕੀ ਬਚਿਆ ਹੈ, ਜਿਸ ’ਚ ਮੁਗਲ ਫੌਜਾਂ ਦੀ ਛਾਪੇਮਾਰੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਭਾਈ ਬਚਿੱਤਰ ਸਿੰਘ ਜ਼ਖ਼ਮੀ ਹਾਲਤ ’ਚ ਇਲਾਜ ਕਰਵਾ ਰਹੇ ਸਨ। ਸਿੱਖ ਇਤਿਹਾਸ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਪਿੰਡ ਮਲਿਕਪੁਰ ਰੰਗੜਾਂ ’ਚ ਸਿੱਖਾਂ ਤੇ ਮੁਗਲ ਫੌਜਾਂ ’ਚ ਹੋਈ ਲੜਾਈ ਦੌਰਾਨ ਗੰਭੀਰ ਜ਼ਖ਼ਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਤੇ ਹੋਰ ਸਿੰਘ ਪਿੰਡ ਕੋਟਲਾ ’ਚ ਪਠਾਣ ਨਿਹੰਗ ਖਾਨ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਆਏ ਸੀ। ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਦੀ ਗੰਭੀਰ ਹਾਲਤ ਵੇਖਦਿਆਂ ਆਪਣੇ ਪਲੰਘ ’ਤੇ ਲਿਟਾਇਆ ਤੇ ਨਿਹੰਗ ਖਾਂ ਨੂੰ ਉਨ੍ਹਾਂ ਦਾ ਇਲਾਜ ਕਰਾਉਣ ਦੀ ਹਦਾਇਤ ਦੇ ਕੇ ਬਾਕੀ ਦੇ ਸਿੰਘਾਂ ਸਣੇ ਚਮਕੌਰ ਸਾਹਿਬ ਵੱਲ ਨਿਕਲ ਗਏ। ਇਸੇ ਦੌਰਾਨ ਕਿਸੇ ਮੁਖਬਰ ਦੀ ਸੂਚਨਾ ’ਤੇ ਰੂਪਨਗਰ ਚੌਕੀ ਦੇ ਮੁਖੀ ਜਾਫਰ ਅਲੀ ਖਾਨ ਨੇ ਪਠਾਣ ਨਿਹੰਗ ਖਾਨ ਦੇ ਕਿਲ੍ਹੇ ’ਤੇ ਛਾਪਾ ਮਾਰ ਕੇ ਸਾਰੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਭਾਈ ਬਚਿੱਤਰ ਸਿੰਘ ਵਾਲੇ ਕਮਰੇ ਕੋਲ ਪੁੱਜੇ ਤਾਂ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ’ਚ ਮੇਰੀ ਬੇਟੀ ਤੇ ਦਾਮਾਦ ਆਰਾਮ ਕਰ ਰਹੇ ਹਨ। ਜਾਫਰ ਅਲੀ ਖਾਨ ਬੀਬੀ ਮੁਮਤਾਜ਼ ਤੋਂ ਉਸ ਦੇ ਪਿਤਾ ਵੱਲੋਂ ਆਖੀ ਗੱਲ ਦੀ ਪੁਸ਼ਟੀ ਕਰਦਿਆਂ ਮੁਆਫੀ ਮੰਗ ਕੇ ਸਿਪਾਹੀਆਂ ਸਣੇ ਉੱਥੋਂ ਵਾਪਸ ਚਲਾ ਗਿਆ। ਥੋੜ੍ਹਾ ਸਮਾਂ ਬਾਅਦ ਭਾਈ ਬਚਿੱਤਰ ਸਿੰਘ ਦੀ ਮੌਤ ਹੋ ਗਈ। ਇਸ ਅਸਥਾਨ ਦੀ ਸੇਵਾ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਵਾਲੇ ਕਰਵਾ ਰਹੇ ਹਨ ਤੇ ਇੱਥੇ ਗੁਰੂਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਉਸਾਰੀ ਜਾ ਚੁੱਕੀ ਹੈ, ਪਰ ਕੋਟਲਾ ਨਿਹੰਗ ਸਥਿਤ ਬੀਬੀ ਮੁਮਤਾਜ਼ ਦੇ ਜਨਮ ਸਥਾਨ ਵਾਲੇ ਕਿਲ੍ਹੇ ’ਤੇ ਕੁਝ ਵਿਅਕਤੀਆਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਨ੍ਹਾਂ ਨੇ ਕਿਲ੍ਹੇ ’ਚੋਂ ਕਾਫੀ ਜਗ੍ਹਾ ਵੇਚ ਦਿੱਤੀ ਹੈ ਤੇ ਕਿਲ੍ਹੇ ਨੂੰ ਢਾਹ ਕੇ ਕਮਰੇ ਉਸਾਰ ਲਏ।
ਥੋੜ੍ਹਾ ਸਮਾਂ ਪਹਿਲਾਂ ਕਿਰਤੀ ਕਿਸਾਨ ਮੋਰਚਾ ਰੂਪਨਗਰ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਭਿਣਕ ਲੱਗੀ ਕਿ ਇਹ ਜਗ੍ਹਾ ਲਾਲ ਲਕੀਰ ’ਚ ਹੈ, ਜਿਸ ਮਗਰੋਂ ਜਥੇਬੰਦੀਆਂ ਨੇ ਕਿਲ੍ਹੇ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ। ਕਾਬਜ਼ ਧਿਰ ਨੇ ਨਿਹੰਗ ਜਥੇਬੰਦੀ ਬੁੱਢਾ ਦਲ ਨੂੰ ਕਿਲ੍ਹੇ ਦਾ ਕਬਜ਼ਾ ਦੇ ਦਿੱਤਾ। ਹੁਣ 96 ਕਰੋੜੀ ਮੁਖੀ ਬੁੱਢਾ ਦਲ ਵੱਲੋਂ ਇਸ ਅਸਥਾਨ ਦੀ ਕਾਰ ਸੇਵਾ ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ।