ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜਨਵਰੀ
ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਲੋਕਾਂ ਨੂੰ ਅਜੇ ਇਕ ਹਫ਼ਤਾ ਹੋਰ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ’ਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਪੰਜਾਬ ਤੇ ਹਰਿਆਣਾ ਵਿੱਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ ਜਿਸ ਨੇ ਜਨ-ਜੀਵਨ ’ਤੇ ਵੀ ਅਸਰ ਪਾਇਆ ਹੈ। ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ 8 ਉਡਾਣਾਂ ਰੱਦ ਕੀਤੀਆਂ ਗਈਆਂ ਜਦੋਂ ਕਿ ਦੋ ਦਰਜਨ ਦੇ ਕਰੀਬ ਉਡਾਣਾਂ ਦੇਰੀ ਨਾਲ ਚੱਲੀਆਂ। ਦੂਜੇ ਪਾਸੇ ਰੇਲ ਆਵਾਜਾਈ ਵੀ ਤੈਅ ਸਮੇਂ ਤੋਂ ਅੱਧਾ ਘੰਟੇ ਤੋਂ ਇਕ ਘੰਟੇ ਤੱਕ ਦੀ ਦੇਰੀ ਨਾਲ ਚੱਲੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣਾ ਦਾ ਅੰਬਾਲਾ ਸਭ ਤੋਂ ਠੰਢੇ ਸ਼ਹਿਰ ਰਹੇ ਹਨ। ਨਵਾਂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 1.7 ਅਤੇ ਅੰਬਾਲਾ ਦਾ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਹੈ। ਮੌਸਮ ਵਿਗਿਆਨੀਆਂ ਨੇ 25 ਜਨਵਰੀ ਨੂੰ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਪੈਣ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ ਜਦੋਂ ਕਿ 26, 27 ਤੇ 28 ਜਨਵਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 5.7, ਲੁਧਿਆਣਾ 4.1 , ਪਟਿਆਲਾ 3.6 , ਪਠਾਨਕੋਟ 5.3, ਬਠਿੰਡਾ 3.4 , ਫਰੀਦਕੋਟ 4, ਗੁਰਦਾਸਪੁਰ 3, ਮੋਗਾ 2.5 ਤੇ ਰੋਪੜ ਵਿਚ 3.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਹੈ।