ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਸਤੰਬਰ
ਐੱਸਸੀ ਸਕਾਲਰਸ਼ਿਪ ਸਕੀਮ ਦੇ ਫੰਡ ਨਾ ਆਉਣ ਕਾਰਨ ਉਚੇਰੀ ਸਿੱਖਿਆ ਵਾਲੇ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਹੋਰ ਸਰਟੀਫਿਕੇਟ ਰੋਕ ਲਏ ਹਨ। ਇਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਵਜ਼ੀਫ਼ੇ ਦਾ ਲਾਹਾ ਲੈਣ ਵਾਲੇ ਵਿਦਿਆਰਥੀਆਂ ਵਿਚ ਵਧੇਰੇ ਗਰੀਬ ਤੇ ਲੋੋੜਵੰਦ ਪਰਿਵਾਰਾਂ ਦੇ ਬੱਚੇ ਹਨ, ਜੋ ਇਸ ਵੇਲੇ ਸਰਕਾਰ ਵੱਲ ਵੇਖ ਰਹੇ ਕਿ ਕਦ ਸਰਕਾਰ ਫੰਡ ਜਾਰੀ ਕਰੇਗੀ ਅਤੇ ਉਹ ਆਪਣੀਆਂ ਫ਼ੀਸਾਂ ਦੇ ਬਕਾਏ ਵਿਦਿਅਕ ਅਦਾਰਿਆਂ ਨੂੰ ਦੇ ਕੇ ਆਪਣੀਆਂ ਡਿਗਰੀਆਂ ਲੈ ਸਕਣਗੇ। ਸੂਬਾ ਸਰਕਾਰ ਨੇ ਕੇਂਦਰੀ ਸਕੀਮ ਹੇਠ ਵਜ਼ੀਫ਼ੇ ਦੀ ਇਹ ਰਕਮ ਪਿਛਲੇ 3-4 ਸਾਲਾਂ ਤੋਂ ਜਾਰੀ ਨਹੀਂ ਕੀਤੀ ਹੈ। ਇਸ ਕਾਰਨ ਸਰਕਾਰੀ ਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿਚ ਇਸ ਯੋਜਨਾ ਹੇਠ ਪੜ੍ਹ ਰਹੇ ਅਤੇ ਪੜ੍ਹ ਚੁੱਕੇ ਐੱਸਸੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਡੀਐਮਸੀ ਤੇ ਡਿਗਰੀਆਂ ਨਹੀਂ ਮਿਲੀਆਂ ਹਨ। ਸਰਟੀਫ਼ਿਕੇਟ ਨਾ ਹੋਣ ਕਾਰਨ ਅਜਿਹੇ ਵਿਦਿਆਰਥੀ ਨਾ ਤਾਂ ਨੌਕਰੀ ਲਈ ਦਰਖ਼ਾਸਤ ਦੇਣ ਯੋਗ ਹਨ ਅਤੇ ਨਾ ਹੀ ਅਗਾਂਹ ਹੋਰ ਪੜ੍ਹਾਈ ਕਰ ਸਕਦੇ ਹਨ।
ਗੁਰੂ ਨਾਨਕ ਦੇਵ ’ਵਰਸਿਟੀ ਵਿਚ ਐਮਸੀਏ ਦੇ ਕੋਰਸ ਦੇ ਆਖਰੀ ਵਰ੍ਹੇ ਦੇ ਵਿਦਿਆਰਥੀ ਸੁਨੀਲ ਕੁਮਾਰ ਨੇ ਆਪਣੇ ਕੋਰਸ ਦੇ ਪੰਜ ਸਮੈਸਟਰ ਪਾਸ ਕਰ ਲਏ ਹਨ ਪਰ ਉਸ ਨੂੰ ਇਕ ਵੀ ਸਮੈਸਟਰ ਦੀ ਡੀਐਮਸੀ ਨਹੀਂ ਮਿਲੀ ਹੈ। ਪਿੰਡ ਜੇਠੂਵਾਲ ਦਾ ਵਾਸੀ ਸੁਨੀਲ ਗਰੀਬ ਪਰਿਵਾਰ ਦਾ ਨੌਜਵਾਨ ਹੈ। ਨੌਜਵਾਨ ਦੀ ਉਚੇਰੀ ਪੜ੍ਹਾਈ ਦਾ ਇਹ ਵੱਡਾ ਖ਼ਰਚਾ ਪਰਿਵਾਰ ਦੇ ਵਸ ਦਾ ਨਹੀਂ ਹੈ। ਸੁਨੀਲ ਦਾ ਇਕ ਛੋਟਾ ਭਰਾ ਵੀ ਹੈ ਜੋ ਪ੍ਰਾਈਵੇਟ ਕਾਲਜ ਤੋਂ ਐੱਲਐੱਲਬੀ ਕਰ ਰਿਹਾ ਹੈ। ਪਰਿਵਾਰ ਲਈ ਉਸ ਦੀ ਫੀਸ ਦਾ ਭੁਗਤਾਨ ਵੀ ਵੱਡੀ ਸਮੱਸਿਆ ਬਣੀ ਹੋਈ ਹੈ।
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਖੋਕੇ ਦਾ ਵਾਸੀ ਜਸ਼ਨਦੀਪ ਸਿੰਘ ਵੀ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਉਹ ਬੀਏ-ਸੋਸ਼ਲ ਸਾਇੰਸ (ਆਨਰਜ਼) ਕੋਰਸ ਦੇ ਆਖਰੀ ਵਰ੍ਹੇ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਪਿਤਾ ਪੰਚਾਇਤੀ ਪਾਣੀ ਦੀ ਟੈਂਕੀ ਦੇ ਪੰਪ ਅਪਰੇਟਰ ਵਜੋਂ ਅਤੇ ਮਾਂ ਆਂਗਨਵਾੜੀ ਵਰਕਰ ਵਜੋਂ ਕੰਮ ਕਰਦੀ ਹੈ। ਉਨ੍ਹਾਂ ਦੀ ਤਨਖ਼ਾਹ ਨਾਲ ਸਿਰਫ਼ ਘਰ ਦਾ ਗੁਜ਼ਾਰਾ ਹੀ ਚੱਲਦਾ ਹੈ। ਹੋਰਨਾਂ ਵਾਂਗ ਜਸ਼ਨਦੀਪ ਵੀ ਫ਼ਿਕਰਮੰਦ ਹੈ। ਉਸ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਹਰ ਸਾਲ ਇਕ ਹਲਫ਼ਨਾਮੇ ’ਤੇ ਦਸਤਖਤ ਕਰਵਾਉਣ ਮਗਰੋਂ ਹੀ ਉਸ ਸਾਲ ਦੀ ਪੜ੍ਹਾਈ ਅਗਾਂਹ ਕਰਵਾਈ ਜਾਂਦੀ ਹੈ। ਜਿਸ ਵਿਚ ਲਿਖਿਆ ਹੁੰਦਾ ਹੈ ਕਿ ਫੀਸ ਦਾ ਭੁਗਤਾਨ ਨਾ ਹੋਣ ਦੀ ਸੂਰਤ ਵਿਚ ਡਿਗਰੀ ਰੋਕ ਲਈ ਜਾਵੇਗੀ। ਉਸ ਨੇ ਕਿਹਾ ਕਿ ਜੇ ਫੰਡ ਨਾ ਆਏ ਤਾਂ ਕਰਜ਼ਾ ਲੈ ਕੇ ਯੂਨੀਵਰਸਿਟੀ ਦੀ ਫੀਸ ਦਾ ਭੁਗਤਾਨ ਕਰ ਕੇ ਆਪਣੀ ਡਿਗਰੀ ਲੈ ਲਵੇਗਾ ਤਾਂ ਜੋ ਕਿਸੇ ਨੌਕਰੀ ਵਾਸਤੇ ਅਪਲਾਈ ਕਰ ਸਕੇ। ਯੂਨੀਵਰਸਿਟੀ ਵਿਚ ਹੀ ਅਜਿਹੇ ਹੋਰ ਸੈਂਕੜੇ ਵਿਦਿਆਰਥੀ ਹਨ।
’ਵਰਸਿਟੀ ਨੂੰ ਵਜ਼ੀਫ਼ਾ ਸਕੀਮ ਤਹਿਤ ਫ਼ੀਸਾਂ ਨਹੀਂ ਮਿਲੀਆਂ: ਉਪ ਕੁਲਪਤੀ
ਗੁਰੂ ਨਾਨਕ ਦੇਵ ’ਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ) ਜਸਪਾਲ ਸਿੰਘ ਸੰਧੂ ਨੇ ਇਸ ਮਾਮਲੇ ਬਾਰੇ ਆਪਣੀ ਬੇਬਸੀ ਦਾ ਪ੍ਰਗਟਾਵਾ ਕੀਤਾ। ਊਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਪਿਛਲੇ 3-4 ਸਾਲਾਂ ਤੋਂ ਅਜਿਹੇ ਵਿਦਿਆਰਥੀਆਂ ਦੀਆਂ ਫੀਸਾਂ ਨਹੀਂ ਮਿਲ ਰਹੀਆਂ ਹਨ। ਸਰਕਾਰ ਨੂੰ ਪੱਤਰ ਵੀ ਭੇਜਿਆ ਹੈ ਕਿ ਸਕੀਮ ਦੇ ਫੰਡ ਜਲਦੀ ਜਾਰੀ ਕੀਤੇ ਜਾਣ।
ਅਕਾਲੀਆਂ ਵੱਲੋਂ ਰੋਸ ਵਿਖਾਵੇ ਕਰਨ ਦੀ ਯੋਜਨਾ
ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੇ ਸਕੱਤਰ ਜਨਰਲ ਅਤੇ ਵਿਧਾਇਕ ਪਵਨ ਕੁਮਾਰ ਟੀਨੂੰ ਜਿਨ੍ਹਾਂ ਬੀਤੇ ਦਿਨ ਇਸ ਮਾਮਲੇ ਵਿਚ ਉਪ ਕੁਲਪਤੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਸੀ, ਨੇ ਦਾਅਵਾ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਤੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਵਿਚ ਲਗਭਗ 10 ਹਜ਼ਾਰ ਤੋਂ ਵੱਧ ਐੱਸਸੀ ਵਿਦਿਆਰਥੀ ਵਜ਼ੀਫ਼ਾ ਫੰਡ ਜਾਰੀ ਨਾ ਹੋਣ ਕਾਰਨ ਪ੍ਰਭਾਵਿਤ ਹੋ ਰਹੇ ਹਨ। ਇਸ ਮਾਮਲੇ ਬਾਰੇ ਸਰਕਾਰ ’ਤੇ ਦਬਾਅ ਬਣਾਉਣ ਲਈ ਪਾਰਟੀ ਵਲੋਂ ਰੋਸ ਵਿਖਾਵੇ ਸ਼ੁਰੂ ਕਰਨ ਦੀ ਵੀ ਯੋਜਨਾ ਹੈ।