ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਫਰਵਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ 28 ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ, ਵਾਈਸ ਚੇਅਰਮੈਨ, ਡਾਇਰੈਕਟਰ ਤੇ ਹੋਰਨਾਂ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪੰਜਾਬ ਬੈਕਵਰਡ ਕਲਾਸ ਜ਼ਮੀਨ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦਾ ਚੇਅਰਮੈਨ ਸੰਦੀਪ ਸੈਣੀ, ਵਾਈਸ ਚੇਅਰਮੈਨ ਹਰਿੰਦਰ ਸਿੰਘ ਸੀਚੇਵਾਲ, ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਚੰਦਨ ਗਰੇਵਾਲ, ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਤੇ ਵਿੱਤ ਕਾਰਪੋਰੇਸ਼ਨ ਦਾ ਚੇਅਰਮੈਨ ਹਰਮਿੰਦਰ ਸਿੰਘ ਸੰਧੂ, ਵਾਈਸ ਚੇਅਰਮੈਨ ਗੁਰਜੰਟ ਸੀਵੀਆ, ਡਾਇਰੈਕਟਰ ਅਸ਼ੋਕ ਸੀਰਸਵਾਲ ਅਤੇ ਰਸ਼ਪਾਲ ਸਿੰਘ ਰਾਜੂ ਨੂੰ ਲਗਾਇਆ ਹੈ। ਇਸੇ ਤਰ੍ਹਾਂ ਪੰਜਾਬ ਰਾਜ ਕਨਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦਾ ਚੇਅਰਮੈਨ ਸਤਿੰਦਰ ਸਿੰਘ ਚੱਠਾ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਰਮਿਆਣਾ, ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ, ਡਾਇਰੈਕਟਰ ਸ਼ੁਭਮ ਸੱਚਦੇਵਾ, ਸਰਬਜੋਤ ਸਿੰਘ ਅਤੇ ਸੇਵਕ ਪਾਲ ਸਿੰਘ ਨੂੰ ਲਗਾਇਆ ਗਿਆ ਹੈ। ਪੰਜਾਬ ਇਨਫੋਟੈਕ ਦਾ ਸੀਨੀਅਰ ਵਾਈਸ ਚੇਅਰਮੈਨ ਪ੍ਰਦੀਪ ਖਾਲਸਾ, ਵਾਈਸ ਚੇਅਰਮੈਨ ਪ੍ਰਭਬੀਰ ਬਰਾੜ, ਡਾਇਰੈਕਟਰ ਓਂਕਾਰ ਚੌਹਾਨ, ਰਣਜੀਤ ਕੌਰ ਅਤੇ ਡਾ. ਐੱਸਐੱਸ ਗਿੱਲ ਨੂੰ ਲਗਾਇਆ ਗਿਆ ਹੈ। ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਅਸ਼ੋਕ ਗਰਗ, ਪੰਜਾਬ ਮੀਡੀਅਮ ਇੰਡਸਟਰੀ ਵਿਕਾਸ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਗੁਰਦੀਪ ਰੰਧਾਵਾ, ਪੰਜਾਬ ਰਾਜ ਬੋਰਡ ਆਫ਼ ਤਕਨੀਕੀ ਸਿੱਖਿਆ ਤੇ ਸਨਅਤੀ ਸਿਖਲਾਈ ਦਾ ਵਾਈਸ ਚੇਅਰਮੈਨ ਬੱਲੂ ਪਾਠਕ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦਾ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਜਵੰਧਾ ਅਤੇ ਬਲਜਿੰਦਰ ਸਿੰਘ ਢਿੱਲੋਂ, ਰਾਜਿੰਦਰ ਸਿੰਘ ਰਿਹਾਲ, ਮਨਵੀਰ ਖੁੱਡੀਆਂ ਤੇ ਚਰਨਜੀਤ ਧਾਲੀਵਾਲ ਨੂੰ ਡਾਇਰੈਕਟਰ ਲਗਾਇਆ ਗਿਆ ਹੈ। ਪੰਜਾਬ ਜਲ ਸਰੋਤ ਮੈਨੇਜਮੈਂਟ ਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਜੀਤ ਲਾਲ ਭੱਟੀ, ਪਰਮਿੰਦਰ ਸੇਠੀ, ਅਮਰੀਕ ਬਾਂਗੜ ਤੇ ਸੁਖਜਿੰਦਰ ਰਾਜ ਸਿੰਘ ਨੂੰ ਲਗਾਇਆ ਗਿਆ ਹੈ।