ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਸਤੰਬਰ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਮਜ਼ਦੂਰਾਂ ਨੇ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾਈ ਧਰਨਾ ਦਿੱਤਾ। ਇਸ ਮਗਰੋਂ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦਾ ਪ੍ਰੋਗਰਾਮ ਵੀ ਸੀ ਪਰ ਪੰਜਾਬ ਭਰ ਤੋਂ ਇੱਥੇ ਪੁੱਜੇ ਹਜ਼ਾਰਾਂ ਮਜ਼ਦੂਰਾਂ ਦੇ ਰੋਹ ਅੱਗੇ ਝੁਕਦਿਆਂ ਸਰਕਾਰ ਨੇ ਉਨ੍ਹਾਂ ਦੀਆਂ ਦੋ ਪ੍ਰਮੁੱਖ ਮੰਗਾਂ ਮੌਕੇ ’ਤੇ ਹੀ ਪ੍ਰਵਾਨ ਕਰ ਲਈਆਂ। ਬਾਕੀ ਮੰਗਾਂ ’ਤੇ ਚਰਚਾ ਲਈ 23 ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਲਾਲ ਸਿੰਘ, ਐੱਮਪੀ ਸਿੰਘ ਤੇ ਅਧਿਕਾਰੀਆਂ ਨਾਲ ਮੀਟਿੰਗ ਤੈਅ ਹੋਈ ਹੈ। ਇਸ ਤਹਿਤ ਮੋਤੀ ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰਦਿਆਂ ਮਜ਼ਦੂਰਾਂ ਨੇ ਜੇਤੂ ਰੈਲੀ ਕਰ ਕੇ ਸ਼ਾਮ ਨੂੰ ਧਰਨਾ ਸਮਾਪਤ ਕਰ ਦਿੱਤਾ। ਕਈ ਦਿਨਾਂ ਤੋਂ ਇੱਥੇ ਜਾਰੀ ਧਰਨਿਆਂ ਦੌਰਾਨ ਸਿਰਫ਼ ਮਜ਼ਦੂਰ ਵਰਗ ਹੀ ਮੰਗਾਂ ਮਨਵਾਉਣ ’ਚ ਕਾਮਯਾਬ ਹੋਇਆ ਹੈ। ਬਾਕੀ ਮੁਲਾਜ਼ਮਾਂ ਦੇ ਅੱਧੀ ਦਰਜਨ ਪੱਕੇ ਮੋਰਚੇ ਜਾਰੀ ਹਨ।
ਮੋਰਚੇ ਦੇ ਆਗੂ ਲਛਮਣ ਸੇਵੇਵਾਲਾ, ਕਸ਼ਮੀਰ ਘੁੱਗਸ਼ੋਰ ਤੇ ਬਲਦੇਵ ਨੂਰਪੁਰੀ ਨੇ ਦੱਸਿਆ ਕਿ ਪ੍ਰਵਾਨ ਚੜ੍ਹੀਆਂ ਮੰਗਾਂ ’ਚ ਮਜ਼ਦੂਰ ਪਰਿਵਾਰਾਂ ਦੇ ਪੁੱਟੇ ਹੋਏ ਬਿਜਲੀ ਦੇ ਮੀਟਰ ਬਕਾਏ ਪਾਸੇ ਰੱਖ ਕੇ ਬਿਨਾਂ ਸ਼ਰਤ ਜੋੜਦਿਆਂ ਸਪਲਾਈ ਚਾਲੂ ਕਰਨ ਅਤੇ ਅੱਗੇ ਤੋਂ ਮੀਟਰ ਪੁੱਟਣੇ ਬੰਦ ਕਰਨ ਸਮੇਤ ਮਜ਼ਦੂਰਾਂ ਲਈ ਰਾਖਵੇਂ/ਅਲਾਟ ਕੀਤੇ ਪਲਾਟਾਂ ਦਾ ਕਬਜ਼ਾ ਇੱਕ ਮਹੀਨੇ ਅੰਦਰ ਦੇਣ, ਬਾਕੀ ਲਾਭਪਾਤਰੀਆਂ ਨੂੰ ਵੀ ਪਲਾਟ ਅਲਾਟ ਕਰਨ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਵਾਲੇ ਵਿਵਾਦਤ ਥਾਵਾਂ ਦਾ ਨਬਿੇੜਾ ਕਰਨਾ ਸ਼ਾਮਲ ਹਨ। ਇਸ ਦੇ ਲਿਖਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।
ਇੱਥੇ ਜੁੜੇ ਹਜ਼ਾਰਾਂ ਮਜ਼ਦੂਰਾਂ ਦੇ ਇਕੱਠ ਨੂੰ ਮਜ਼ਦੂਰ ਮੁਕਤੀ ਮੋਰਚੇ ਦੇ ਪ੍ਰਧਾਨ ਭਗਵੰਤ ਸਮਾਓਂ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਦੇਵੀ ਕੁਮਾਰੀ, ਦਿਹਾਤੀ ਮਜ਼ਦੂਰ ਸਭਾ ਤੋਂ ਬਲਦੇਵ ਨੂਰਪੁਰੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਸਹਿਕਾਰੀ, ਸਰਕਾਰੀ ਤੇ ਗ਼ੈਰਸਰਕਾਰੀ ਕਰਜ਼ਾ ਮੁਆਫ਼ੀ, ਸਹਿਕਾਰੀ ਸਭਾਵਾਂ ਵਿੱਚ ਬਿਨਾਂ ਸ਼ਰਤ ਬੇਜ਼ਮੀਨੇ ਮਜ਼ਦੂਰਾਂ ਨੂੰ ਮੈਂਬਰ ਬਣਾਉਣ, ਰੱਦ ਕੀਤੇ ਨੀਲੇ ਕਾਰਡਾਂ ਦੀ ਬਹਾਲੀ, ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ, ਬੁਢਾਪਾ ਪੈਨਸ਼ਨ ’ਚ ਵਾਧਾ ਤੇ ਉਮਰ ਹੱਦ ਘਟਾਉਣ ਦੀ ਵੀ ਮੰਗ ਕੀਤੀ।