ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਸਤੰਬਰ
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਹਜ਼ਾਰਾਂ ਮਜ਼ਦੂਰਾਂ ਨੇ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਸੂਬਾਈ ਧਰਨਾ ਦਿੱਤਾ। ਇਸ ਮਗਰੋਂ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦਾ ਪ੍ਰੋਗਰਾਮ ਵੀ ਸੀ ਪਰ ਪੰਜਾਬ ਭਰ ਤੋਂ ਇੱਥੇ ਪੁੱਜੇ ਹਜ਼ਾਰਾਂ ਮਜ਼ਦੂਰਾਂ ਦੇ ਰੋਹ ਅੱਗੇ ਝੁਕਦਿਆਂ ਸਰਕਾਰ ਨੇ ਉਨ੍ਹਾਂ ਦੀਆਂ ਦੋ ਪ੍ਰਮੁੱਖ ਮੰਗਾਂ ਮੌਕੇ ’ਤੇ ਹੀ ਪ੍ਰਵਾਨ ਕਰ ਲਈਆਂ। ਬਾਕੀ ਮੰਗਾਂ ’ਤੇ ਚਰਚਾ ਲਈ 23 ਨੂੰ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਲਾਲ ਸਿੰਘ, ਐੱਮਪੀ ਸਿੰਘ ਤੇ ਅਧਿਕਾਰੀਆਂ ਨਾਲ ਮੀਟਿੰਗ ਤੈਅ ਹੋਈ ਹੈ। ਇਸ ਤਹਿਤ ਮੋਤੀ ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰਦਿਆਂ ਮਜ਼ਦੂਰਾਂ ਨੇ ਜੇਤੂ ਰੈਲੀ ਕਰ ਕੇ ਸ਼ਾਮ ਨੂੰ ਧਰਨਾ ਸਮਾਪਤ ਕਰ ਦਿੱਤਾ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਪ੍ਰਵਾਨ ਚੜ੍ਹੀਆਂ ਮੰਗਾਂ ’ਚ ਮਜ਼ਦੂਰ ਪਰਿਵਾਰਾਂ ਦੇ ਪੁੱਟੇ ਹੋਏ ਬਿਜਲੀ ਦੇ ਮੀਟਰ ਬਕਾਏ ਪਾਸੇ ਰੱਖ ਕੇ ਬਿਨਾਂ ਸ਼ਰਤ ਜੋੜਦਿਆਂ ਸਪਲਾਈ ਚਾਲੂ ਕਰਨ ਅਤੇ ਅੱਗੇ ਤੋਂ ਮੀਟਰ ਪੁੱਟਣੇ ਬੰਦ ਕਰਨ ਸਮੇਤ ਮਜ਼ਦੂਰਾਂ ਲਈ ਰਾਖਵੇਂ/ਅਲਾਟ ਕੀਤੇ ਪਲਾਟਾਂ ਦਾ ਕਬਜ਼ਾ ਇੱਕ ਮਹੀਨੇ ਅੰਦਰ ਦੇਣ, ਬਾਕੀ ਲਾਭਪਾਤਰੀਆਂ ਨੂੰ ਵੀ ਪਲਾਟ ਅਲਾਟ ਕਰਨ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਵਾਲੇ ਵਿਵਾਦਤ ਥਾਵਾਂ ਦਾ ਨਬਿੇੜਾ ਕਰਨਾ ਸ਼ਾਮਲ ਹਨ। ਇਸ ਦੇ ਲਿਖਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ।