ਗਗਨ ਅਰੋੜਾ
ਲੁਧਿਆਣਾ, 11 ਮਈ
ਇੱਥੇ ਨੌਘਰਾ ਮੁਹੱਲੇ ਵਿਚਲੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦੇ ਸੁੰਦਰੀਕਰਨ ਨੂੰ ਲੈ ਕੇ ਪਿਛਲੇ 8 ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਦੇ ਮਾਮਲੇ ਵਿੱਚ ਅੱਜ ਆਖ਼ਰ ਸਰਕਾਰ ਜਾਗ ਪਈ ਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੀਆਂ ਤਿੰਨ ਮੰਗਾਂ ਮੰਨ ਲਈਆਂ। ਇਸ ਤੋਂ ਬਾਅਦ ਸਰਕਾਰ ਦੇ ਪ੍ਰਤੀਨਿਧੀ ਬਣ ਕੇ ਪੁੱਜੇ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਤੇ ਕੁਲਵੰਤ ਸਿੱਧੂ ਨੇ ਮਹੰਤ ਨਾਰਾਇਣ ਦੀ ਅਗਵਾਈ ਹੇਠ ਟਰੱਸਟ ਦੇ ਪ੍ਰਧਾਨ ਤੇ ਹੋਰ ਲੋਕਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਵਿਧਾਇਕਾਂ ਨੇ ਭੁੱਖ ਹੜਤਾਲ ’ਤੇ ਬੈਠੇ ਅਸ਼ੀਸ਼ ਬੋਨੀ, ਪਾਲੀ ਸਹਿਜਪਾਲ, ਚੇਤਨ ਮਲਹੋਤਰਾ, ਅਮਰਜੀਤ ਭੱਟੀ ਤੇ ਸੁਨੀਲ ਠਾਕੁਰ ਨੂੰ ਜੂਸ ਪਲਾਇਆ।
ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ ਤਿੰਨ ਵਿਧਾਇਕਾਂ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਪੁਲੀਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਸ਼ਹੀਦ ਥਾਪਰ ਦੇ ਜੱਦੀ ਘਰ ਦੇ ਸੁੰਦਰੀਕਰਨ ਦਾ ਕੰਮ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਚੌੜਾ ਬਾਜ਼ਾਰ ਵਿੱਚੋਂ ਸ਼ਹੀਦ ਥਾਪਰ ਦੇ ਘਰ ਨੂੰ ਸਿੱਧੇ ਰਸਤੇ ਲਈ ਵੀ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਥਾਂ ’ਤੇ ਸੁੰਦਰੀਕਰਨ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਦਾ ਉਦਘਾਟਨ ਕਰਨ ਲਈ ਆਉਣਗੇ। ਅਸ਼ੋਕ ਥਾਪਰ ਨੇ ਇਨ੍ਹਾਂ ਮੰਗਾਂ ਦੇ ਮੰਨਣ ’ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਵੀ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੇ ਕੰਮ ਨੂੰ ਠੰਢੇ ਬਸਤੇ ਵਿੱਚ ਪਾਇਆ ਤਾਂ ਉਹ ਇਸ ਵਾਰ ਮੁੱਖ ਮੰਤਰੀ ਦੇ ਘਰ ਦੇ ਬਾਹਰ ਭੁੱਖ ਹੜਤਾਲ ਕਰਨਗੇ। ਇਸ ਮੌਕੇ ਪ੍ਰਮੋਦ ਥਾਪਰ, ਚਮਨ ਲਾਲ ਪੱਪੀ, ਵਿਜੈ ਵਾਲੀਆ, ਅਮਰਜੀਤ ਸਿੰਘ, ਰਾਮ ਲਾਲ, ਗੁਰਦੇਵ ਭਗਤ, ਪ੍ਰਦੀਪ ਸ਼ਰਮਾ, ਮਨੋਜ ਕੁਮਾਰ ਬੱਸੀ, ਡਾਕਟਰ ਰਾਜੇਸ਼ ਅਰੋੜਾ ਤੇ ਤ੍ਰਿਭੂਵਣ ਥਾਪਰ ਮੌਜੂਦ ਸਨ।