ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਮੂੰਗੀ ਦੀ ਫਸਲ ਘੱਟ ਭਾਅ ‘ਤੇ ਵਪਾਰੀਆਂ ਨੂੰ ਵੇਚਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਲਗਾਤਾਰ ਦੂਜੀ ਵਾਰੀ ਪੰਜਾਬ ਦੇ ਮੂੰਗੀ ਉਤਪਾਦਕ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਏਜੰਸੀਆਂ 7755 ਰੁਪਏ ਪ੍ਰਤੀ ਕੁਇੰਟਲ ਐਮਐਸਪੀ ‘ਤੇ ਤੁਰੰਤ ਖਰੀਦ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੇ ਮੁੱਖ ਮੰਤਰੀ ਦੀ ਨਿੱਜੀ ਅਪੀਲ ਤੇ ਐਮਐਸਪੀ ‘ਦੇ ਜਿਣਸ ਖਰੀਦਣ ਦੇ ਦਿੱਤੇ ਭਰੋਸੇ ਨੂੰ ਵੇਖਦਿਆਂ ਮੂੰਗੀ ਦੀ ਫਸਲ ਬੀਜੀ ਸੀ। ਜਦੋਂ ਫਸਲ ਮੰਡੀ ਵਿਚ ਆਈ ਤਾਂ ਸਾਰੀ ਜਿਣਸ ਵਿਚੋਂ ਸਿਰਫ 17 ਫੀਸਦੀ ਫਸਲ ਹੀ ਖਰੀਦੀ ਗਈ ਜਿਸ ਕਾਰਨ ਕਿਸਾਨਾਂ ਨੂੰ ਵੱਡਾ ਘਾਟਾ ਪਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸਾਲ ਹਾਲਾਤ ਹੋਰ ਮਾੜੇ ਹਨ। ਇਸ ਸੀਜ਼ਨ ਵਿਚ ਸਰਕਾਰੀ ਏਜੰਸੀਆਂ ਨੇ ਪਿਛਲੇ ਸਾਲ ਨਾਲੋਂ 77 ਫੀਸਦੀ ਘੱਟ ਖਰੀਦ ਕੀਤੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 2280 ਕੁਇੰਟਲ ਮੂੰਗੀ ਦੀ ਖਰੀਦ ਕੀਤੀ ਹੈ ਜਦੋਂ ਕਿ ਪਿਛਲੇ ਸਾਲ ਹੁਣ ਤੱਕ 9902 ਕੁਇੰਟਲ ਫਸਲ ਖਰੀਦੀ ਸੀ। ਸ੍ਰੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੂਰੀ ਤਰ੍ਹਾਂ ਕਿਸਾਨਾਂ ਦੀ ਬਾਂਹ ਛੱਡਣ ਮਗਰੋਂ ਹੁਣ ਕਿਸਾਨ ਪ੍ਰਾਈਵੇਟ ਵਪਾਰੀਆਂ ‘ਤੇ ਨਿਰਭਰ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮੂੰਗੀ ਦੀ ਖੇਤੀ ਇਸ ਆਸ ਨਾਲ ਕੀਤੀ ਜਾ ਰਹੀ ਸੀ ਕਿ ਇਸ ਨਾਲ ਨਾ ਸਿਰਫ ਖੇਤੀ ਵਿਭਿੰਨਤਾ ਆਵੇਗੀ ਬਲਕਿ ਜ਼ਮੀਨ ਹੇਠਲਾ ਪਾਣੀ ਵੀ ਬਚੇਗਾ। ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਖੇਤੀ ਸੈਕਟਰ ਦੇ ਨਾਲ ਨਾਲ ਕਿਸਾਨਾਂ ਦੀ ਭਲਾਈ ਵੱਲ ਵੀ ਧਿਆਨ ਦੇਣ।
ਸਰਕਾਰ ਐੱਮਐੱਸਪੀ ‘ਤੇ ਫ਼ਸਲਾਂ ਦੀ ਖ਼ਰੀਦ ਨੂੰ ਯਕੀਨੀ ਬਣਾਉਣ ‘ਚ ਅਸਫਲ: ਬਾਜਵਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਮੂੰਗੀ ਦੀ ਦਾਲ ਦੀ ਖ਼ਰੀਦ ਨੂੰ ਯਕੀਨੀ ਨਾ ਬਣਾ ਕੇ ਕਿਸਾਨਾਂ ਨੂੰ ਇੱਕ ਵਾਰ ਫਿਰ ਨਿਰਾਸ਼ ਕਰ ਰਹੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਉਗਾਉਣ ਲਈ ਪ੍ਰੇਰਿਤ ਕੀਤਾ ਸੀ। ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਐਮਐਸਪੀ ‘ਤੇ ਮੱਕੀ ਦੀ ਫ਼ਸਲ ਦੀ ਖ਼ਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਪ੍ਰਾਈਵੇਟ ਕੰਪਨੀਆਂ ਨੇ 6,800 ਤੋਂ 7,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫ਼ਸਲ ਖ਼ਰੀਦੀ, ਜੋ ਕਿ 7,755 ਰੁਪਏ ਦੇ ਐਮਐਸਪੀ ਤੋਂ 755 ਤੋਂ 955 ਰੁਪਏ ਪ੍ਰਤੀ ਕੁਇੰਟਲ ਘੱਟ ਹੈ। ਕੁਝ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਆਪਣੀ ਉਪਜ ਲਈ ਸਿਰਫ਼ 5,800 ਰੁਪਏ ਪ੍ਰਤੀ ਕੁਇੰਟਲ ਮਿਲੇ ਸਨ।