ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਲਏ ਫ਼ੈਸਲੇ ਦਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਵਾਗਤ ਕੀਤਾ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਹੰਕਾਰੀ ਸਰਕਾਰ ਨੂੰ ਲੋਕਾਂ ਦੇ ਅੱਗੇ ਆਖ਼ਰ ਝੁਕਣਾ ਪਿਆ ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਉਦੋਂ ਹੀ ਰੱਦ ਕੀਤੇ ਜਾਣੇ ਚਾਹੀਦੇ ਸਨ, ਜਦੋਂ ਇਨ੍ਹਾਂ ਨੂੰ ਸੰਸਦ ਵਿੱਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸੱਤ ਸੌ ਤੋਂ ਵੱਧ ਕਿਸਾਨ ਹੁਣ ਤੱਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ ਤੇ ਇੱਕ ਸਾਲ ਦਾ ਸਮਾਂ ਬੀਤ ਚੁੱਕਾ ਹੈ, ਜਿਸ ਮਗਰੋਂ ਅੱਜ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮੁਕੱਦਸ ਹੈ ਕਿਉਂਕਿ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਹੈ ਤੇ ਅੱਜ ਦੇ ਦਿਨ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਵੀ ਲਿਆ ਹੈ। ਤਿਵਾੜੀ ਨੇ ਸੂਬੇ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਿੱਟੀ ਨਾਲ ਜੁੜੇ ਹੋਏ ਇਨਸਾਨ ਹਨ ਤੇ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਰਹੇ ਹਨ। ਉਨ੍ਹਾਂ ਪਾਰਟੀ ਦੇ ਕੁਝ ਆਗੂਆਂ ’ਚ ਚੱਲ ਰਹੇ ਵਖਰੇਵਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ਸਰਕਾਰ ਅਤੇ ਸੰਗਠਨ ਦੇ ਵਿੱਚ ਵੱਖਰੇਵੇਂ ਮਿਲੇ ਹਨ, ਉਦੋਂ ਉਦੋਂ ਕਾਂਗਰਸ ਦੀ ਹਾਰ ਹੋਈ ਹੈ ਤੇ ਜਦੋਂ ਸੰਗਠਨ ਅਤੇ ਸਰਕਾਰ ਇਕੱਠੇ ਹੋ ਕੇ ਕੰਮ ਕਰਦੀ ਰਹੀ ਹੈ, ਉਦੋਂ-ਉਦੋਂ ਕਾਂਗਰਸ ਦੀ ਜਿੱਤ ਹੋਈ ਹੈ। ਉਨ੍ਹਾਂ ਪਾਰਟੀ ਦੇ ਆਗੂਆਂ ਨੂੰ ਸਲਾਹ ਦਿੱਤੀ ਕਿ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਤੇ ਪੰਜਾਬ ਦੀ ਬਿਹਤਰੀ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਕਾਂਗਰਸੀ ਆਗੂ ਪਵਨ ਦੀਵਾਨ ਅਤੇ ਗੁਰਮੇਲ ਸਿੰਘ ਪਹਿਲਵਾਨ ਵੀ ਮੌਜੂਦ ਸਨ।