ਰਤਨ ਸਿੰਘ ਢਿੱਲੋਂ
ਅੰਬਾਲਾ, 26 ਮਈ
ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਅੱਜ ਸ਼ੰਭੂ ਟੌਲ ਪਲਾਜ਼ਾ ’ਤੇ ਧਰਨੇ ’ਤੇ ਬੈਠੇ ਸੈਂਕੜੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਹੌਸਲਾ ਵਧਾਉਣ ਲਈ ਬੀਕੇਯੂ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸ਼ੰਭੂ ਟੌਲ ਪਲਾਜ਼ਾ ’ਤੇ ਪੁੱਜੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਦੇ 7 ਸਾਲ ਅਤੇ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਏ ਹਨ। ਅੱਜ ਕਿਸਾਨਾਂ ਨੇ ਮਹਾਤਮਾ ਬੁੱਧ ਦਾ ਜਨਮ ਦਿਨ ਵੀ ਮਨਾਇਆ।
ਇਸ ਮੌਕੇ ਸ੍ਰੀ ਚੜੂਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਹੋਵੇ ਜਾਂ ਨਾ ਹੋਵੇ ਅੰਦੋਲਨ ਉਦੋਂ ਤੱਕ ਚੱਲੇਗਾ, ਜਦੋਂ ਤੱਕ ਉਹ ਜਿੱਤ ਨਹੀਂ ਜਾਂਦੇ। ਉਨ੍ਹਾਂ ਆਖਿਆ ਕਿ ਸਰਕਾਰ ਸੋਚ ਰਹੀ ਸੀ ਕਿ ਜੇ ਕਿਸਾਨ ਲੰਮੇ ਸਮੇਂ ਤੱਕ ਬੈਠਣਗੇ ਤਾਂ ਅੰਦੋਲਨ ਟੁੱਟ ਜਾਵੇਗਾ ਜਦਕਿ ਅੰਦੋਲਨ ਵਧ ਰਿਹਾ ਹੈ ਅਤੇ ਸਰਕਾਰ ਟੁੱਟ ਰਹੀ ਹੈ, ਕਮਜ਼ੋਰ ਪੈ ਰਹੀ ਹੈ। ਉਨ੍ਹਾਂ ਦਾ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨ ਦੇਸ਼ ਬਚਾਉਣ ਦੀ ਗੱਲ ਕਰ ਰਹੇ ਹਨ ਜਦਕਿ ਸਰਕਾਰ ਇਸ ਨੂੰ ਵੇਚਣ ਦੀ ਗੱਲ ਕਰ ਰਹੀ ਹੈ। ਉਨ੍ਹਾਂ ਆਖਿਆ, ‘ਸਰਕਾਰ ਜਦੋਂ ਤੱਕ ਅੰਦੋਲਨ ਚਲਵਾਉਣਾ ਚਾਹੁੰਦੀ ਹੈ, ਉਸ ਦੀ ਮਰਜ਼ੀ। ਅਸੀਂ ਤਾਂ ਅੱਜ ਵੀ ਖਤਮ ਕਰਨ ਨੂੰ ਤਿਆਰ ਹਾਂ, ਸਰਕਾਰ ਸਾਡੀ ਮੰਗ ਮੰਨ ਲਵੇ।’ ਬੀਕੇਯੂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਲਾਬ ਸਿੰਘ ਦੇ ਪਿੰਡ ਮਾਣਕਪੁਰ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਕਾਲੇ ਝੰਡੇ ਲਹਿਰਾਏ ਗਏ। ਪੁਤਲੇ ਨੂੰ ਅੱਗ ਪਿੰਡ ਦੀਆਂ ਧੀਆਂ ਨੇ ਲਾਈ।