ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਉਸਾਰੀ ਕਿਰਤੀਆਂ ਦੀਆਂ ਦੁਸ਼ਵਾਰੀਆਂ ਘਟਾਉਣ ਲਈ ਨਿਰਮਾਣ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਸਾਰੇ ਉਸਾਰੀ ਕਿਰਤੀਆਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਉਸਾਰੀ ਕਿਰਤੀ ਨੂੰ 3100 ਰੁਪਏ ਦੀ ਅੰਤ੍ਰਿਮ ਵਿੱਤੀ ਰਾਹਤ ਦੀ ਇਕ ਹੋਰ ਕਿਸ਼ਤ ਦਿੱਤੀ ਜਾਵੇਗੀ| ਮੁੱਖ ਮੰਤਰੀ ਨੇ ਦੀਵਾਲੀ ਦੀ ਪੂਰਵ ਸੰਧਿਆ ਉੱਤੇ ਕਿਹਾ ਕਿ 3100 ਰੁਪਏ ਦੀ ਇਹ ਵਿੱਤੀ ਗਰਾਂਟ ਰੌਸ਼ਨੀਆਂ ਦੇ ਤਿਉਹਾਰ ਦੇ ਮੌਕੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ਗਨ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇਹ ਰਕਮ ਸਿੱਧੀ ਉਸਾਰੀ ਕਿਰਤੀਆਂ ਦੇ ਬੈਂਕ ਖਾਤਿਆਂ ਵਿਚ ਅਦਾ ਕਰ ਦਿੱਤੀ ਜਾਵੇਗੀ| ਸੂਬੇ ਭਰ ਵਿਚ ਲਗਪਗ 3.17 ਲੱਖ ਉਸਾਰੀ ਕਿਰਤੀ ਰਜਿਸਟਰਡ ਹਨ ਅਤੇ ਇਸ ਸਬੰਧੀ 90-100 ਕਰੋੜ ਰੁਪਏ ਦੀ ਰਕਮ ਵੰਡੇ ਜਾਣ ਦੀ ਸੰਭਾਵਨਾ ਹੈ| ਮੁੱਖ ਮੰਤਰੀ ਚੰਨੀ ਨੇ ਪੇਂਡੂ ਅਤੇ ਸਹਿਰੀ ਖੇਤਰਾਂ ਦੇ ਸਰਪੰਚਾਂ ਅਤੇ ਕੌਂਸਲਰਾਂ ਨੂੰ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਕਿਹਾ ਤਾਂ ਜੋ ਉਹ ਬੋਰਡ ਵੱਲੋਂ ਸਮੇਂ-ਸਮੇਂ ’ਤੇ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਜਾ ਸਕਣ| ਇਸ ਦੌਰਾਨ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਵਿਚ ਹੋਏ ਜ਼ਿਕਰਯੋਗ ਸੁਧਾਰ ਨਾਲ ਸੂਬੇ ਭਰ ਵਿਚ ਉਸਾਰੀ ਕਿਰਤੀਆਂ ਨੂੰ ਹੋਰ ਗਤੀ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਰੋਜ਼ੀ-ਰੋਟੀ ਮਿਲ ਸਕੇ|