ਨਰਿੰਦਰ ਸਿੰਘ
ਭਿੱਖੀਵਿੰਡ, 22 ਅਗਸਤ
ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਤੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ’ਚ ਲਗਾਏ ਗਏ ਰਾਜ ਪੱਧਰੀ ਨਾਸ਼ਪਾਤੀ ਮੇਲੇ ਨੂੰ ਸੰਬੋਧਨ ਕਰਦਿਆਂ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਹੈ, ਜਿਸ ’ਚ ਕਿਸਾਨੀ ਦਾ ਵੱਡਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਆਰਥਿਕ ਤੌਰ ਉਤੇ ਖੁਸ਼ਹਾਲ ਹੁੰਦਾ ਹੈ ਤਾਂ ਉਸ ਨਾਲ ਰਾਜ ਦਾ ਵਪਾਰੀ, ਮਜ਼ਦੂਰ, ਉਦਯੋਗ ਖੁਸ਼ਹਾਲ ਹੁੰਦੇ ਹਨ ਤੇ ਸਾਰੀ ਅਰਥਵਿਵਸਥਾ ਤਰੱਕੀ ਦੇ ਰਾਹ ਤੁਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਆਮਦਨ ਸੀਮਤ ਹੈ ਅਤੇ ਬਹੁਤ ਵੱਡੀਆਂ ਸੰਭਾਵਨਾਵਾਂ ਨਹੀਂ ਹਨ। ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿਚੋਂ ਕੱਢ ਕੇ ਵਪਾਰਕ ਖੇਤੀ ਵੱਲ ਪ੍ਰੇਰਿਤ ਕਰਨਾ ਹੈ, ਜਿਸ ਵਿਚ ਬਾਗਬਾਨੀ ਦਾ ਵੱਡਾ ਯੋਗਦਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਝੇ ਦਾ ਇਹ ਖਿੱਤਾ ਲੰਮੇ ਸਮੇਂ ਤੋਂ ਨਾਸ਼ਪਾਤੀ ਦੇ ਬਾਗਾਂ ਲਈ ਜਾਣਿਆ ਜਾਂਦਾ ਹੈ ਅਤੇ ਕੁਦਰਤੀ ਤੌਰ ਉਤੇ ਜੋ ਨਾਸ਼ਪਾਤੀ ਇੱਥੇ ਪੈਦਾ ਹੁੰਦੀ ਹੈ, ਉਹ ਦੇਸ਼ ਦੇ ਕਿਸੇ ਵੀ ਖਿੱਤੇ ਵਿਚ ਨਹੀਂ ਹੋ ਸਕਦੀ। ਇਸ ਲਈ ਪੰਜਾਬ ਦੇ ਇਸ ਖਿੱਤੇ ਵਿਚ ਨਾਸ਼ਪਾਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਬਾਗਬਾਨੀ ਦੇ ਸੰਦਾਂ, ਤਕਨੀਕੀ ਅਤੇ ਮਾਹਿਰ ਸਹਾਇਤਾ ਦੇਣ ਲਈ ਨਾਸ਼ਪਾਤੀ ਅਸਟੇਟ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਬਾਗਬਾਨੀ ਦੀ ਫਸਲਾਂ ਸਾਂਭਣ ਲਈ ਕੋਲਡ ਸਟੋਰ ਬਨਾਉਣ, ਜਿਸ ਉਤੇ ਸਰਕਾਰ 90 ਫੀਸਦੀ ਤੱਕ ਦੀ ਸਬਸਿਡੀ ਦੇਵੇਗੀ। ਇਸ ਤੋਂ ਇਲਾਵਾ ਤੁਪਕਾ ਸਿੰਜਾਈ ਅਤੇ ਐਕਸਪੋਰਟ ਵੱਲ ਵੀ ਕਿਸਾਨ ਧਿਆਨ ਦੇਣ। ਇਸ ਮੌਕੇ ਵਿਧਾਇਕ ਕਸ਼ਮੀਰ ਸਿੰਘ ਸੋਹਲ, ਵਿਧਾਇਕ ਨਰੇਸ਼ ਕਟਾਰੀਆ, ਐੱਸਡੀਐੱਮ ਰਾਜੇਸ਼ ਸ਼ਰਮਾ, ਡਾਇਰੈਕਟਰ ਸ਼ਲਵਿੰਦਰ ਕੌਰ, ਪ੍ਰਕਾਸ਼ ਸਿੰਘ ਬਰਾੜ, ਜੁਆਇੰਟ ਡਾਇਰੈਕਟਰ ਸੁਖਦੀਪ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਹਰਭਜਨ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਜਸਪਾਲ ਸਿੰਘ ਝਾਮਕਾ, ਡਿਪਟੀ ਡਾਇਰੈਕਟਰ ਗੁਰਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਬਾਗਬਾਨੀ ਮੰਤਰੀ ਨੇ ਜਿੰਦਵਾਲਾ ਦੇ ਕਿਸਾਨ ਗੁਰਿੰਦਰ ਸਿੰਘ ਸੰਧੂ ਦੇ ਨਾਸ਼ਪਾਤੀਆਂ ਦੇ ਬਾਗ਼ ਦਾ ਦੌਰਾ ਵੀ ਕੀਤਾ।
ਤਰਨ ਤਾਰਨ ਜ਼ਿਲ੍ਹੇ ’ਚ ਨਾਸ਼ਪਾਤੀ ਅਸਟੇਟ ਬਣਾਉਣ ਦਾ ਐਲਾਨ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਨਾਸ਼ਪਾਤੀ ਕਾਸ਼ਤਕਾਰ ਸਰਹੱਦੀ ਪੱਟੀ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਨਾਲ ਉਨ੍ਹਾਂ ਦੀ ਇਲਾਕੇ ਦੀ ਪਛਾਣ ਦੇਸ਼ ਭਰ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦਾ ਕਿਸਾਨ ਬਹੁਤ ਮਿਹਨਤੀ ਹੈ, ਪਰ ਉਨ੍ਹਾਂ ਨੂੰ ਸਰਕਾਰ ਵੱਲੋਂ ਤਕਨੀਕੀ ਸਹਾਇਤਾ ਦੀ ਲੋੜ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੀ ਪੂਰੀ ਕਰ ਸਕਦੀ ਹੈ। ਉਨ੍ਹਾਂ ਨਾਸ਼ਪਾਤੀ ਲਈ ਨਵੀਆਂ ਖੇਤੀ ਤਕਨੀਕਾਂ ਤੇ ਹੋਰ ਖੇਤੀ ਸੰਦਾਂ ਦੀ ਸਹਾਇਤਾ ਲਈ ਤਰਨ ਤਾਰਨ ਜ਼ਿਲ੍ਹੇ ਵਿਚ ਨਾਸ਼ਪਾਤੀ ਅਸਟੇਟ ਬਨਾਉਣ ਦੇ ਕੀਤੇ ਐਲਾਨ ਦਾ ਸਵਾਗਤ ਵੀ ਕੀਤਾ। ਇਸ ਮੌਕੇ ਮਾਹਿਰਾਂ ਨੇ ਨਾਸ਼ਪਾਤੀ ਦੀ ਕਾਸ਼ਤ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਵੱਲੋਂ ਪੰਜਾਬ ਭਰ ਵਿਚੋਂ ਆਏ 25 ਨਾਸ਼ਪਾਤੀ ਦੇ ਬਾਗਬਾਨਾਂ ਦਾ ਸਨਮਾਨ ਕੀਤਾ ਗਿਆ।