ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਜਨਵਰੀ
ਲਗਪਗ ਦੋ ਸੌ ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਵਿਚ ਸਥਾਪਤ ਕੀਤੇ ਗਏ ਦਰਵਾਜ਼ੇ, ਜੋ ਹੁਣ ਖਸਤਾ ਹਾਲਤ ਵਿਚ ਸਨ, ਕੇਂਦਰੀ ਸਿੱਖ ਅਜਾਇਬ ਘਰ ਵਿਚ ਰੱਖ ਦਿੱਤੇ ਗਏ ਹਨ। ਇਹ ਪੁਰਾਤਨ ਦਰਵਾਜ਼ਿਆਂ ਦਾ ਜੋੜਾ ਸੰਦਲ ਦੀ ਲੱਕੜ ਦਾ ਬਣਿਆ ਹੋਇਆ ਹੈ, ਜਿਸ ਉਪਰ ਚਾਂਦੀ ਦੀ ਸ਼ੀਟ ਅਤੇ ਸੋਨੇ ਦੇ ਪੇਚ ਲੱਗੇ ਹੋਏ ਹਨ। ਇਸ ਵਿਚ ਹਾਥੀ ਦੰਦ ਨਾਲ ਮੀਨਾਕਾਰੀ ਕੀਤੀ ਹੋਈ ਹੈ। ਇਹ ਦਰਵਾਜ਼ੇ ਲਗਪਗ 118 ਇੰਚ ਉੱਚੇ ਅਤੇ 110 ਇੰਚ ਚੌੜੇ ਹਨ। ਇਨ੍ਹਾਂ ਦੀ ਮੋਟਾਈ ਲਗਪਗ 4 ਇੰਚ ਹੈ। ਇਹ ਪੁਰਾਤਨ ਦਰਵਾਜ਼ੇ ਹੁਣ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੇਂਦਰੀ ਸਿੱਖ ਅਜਾਇਬ ਘਰ ਦੇ ਬਣੇ ਪ੍ਰਵੇਸ਼ ਦੁਆਰ ਨੇੜੇ ਰੱਖੇ ਗਏ ਹਨ। ਸ਼ੀਸ਼ੇ ਦੇ ਫਰੇਮ ਵਿਚ ਇਹ ਪੁਰਾਤਨ ਦਰਵਾਜ਼ੇ ਸਿੱਖ ਇਤਿਹਾਸ ਦੇ ਹਿੱਸੇ ਵਜੋਂ ਸੁਰੱਖਿਅਤ ਕੀਤੇ ਗਏ ਹਨ। ਇਨ੍ਹਾਂ ਦਰਵਾਜ਼ਿਆਂ ਨੂੰ ਪ੍ਰਸਿੱਧ ਸੋਮਨਾਥ ਮੰਦਰ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ ਪਰ ਬਾਅਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਗਈ ਜਾਂਚ ਰਾਹੀਂ ਸਪੱਸ਼ਟ ਹੋ ਗਿਆ ਸੀ ਕਿ ਇਹ ਮੰਦਰ ਦੇ ਦਰਵਾਜ਼ੇ ਨਹੀਂ ਹਨ। ਇਤਿਹਾਸ ਦੀਆਂ ਕੁਝ ਪੁਸਤਕਾਂ ਵਿਚ ਮਹਾਰਾਜਾ ਰਣਜੀਤ ਸਿੰਘ ਵੇਲੇ ਬਣਵਾਏ ਗਏ ਇਨ੍ਹਾਂ ਦਰਵਾਜ਼ਿਆਂ ਦੇ ਵੇਰਵੇ ਵੀ ਮਿਲਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਦਰਵਾਜ਼ੇ ਹੁਣ ਕੇਂਦਰੀ ਸਿੱਖ ਅਜਾਇਬ ਘਰ ਦਾ ਹਿੱਸਾ ਹੋਣਗੇ, ਜਿਨ੍ਹਾਂ ਨੂੰ ਇਤਿਹਾਸ ਦੇ ਹਿੱਸੇ ਵਜੋਂ ਸੁਰੱਖਿਅਤ ਰੱਖਿਆ ਜਾਵੇਗਾ। ਇਹ ਸੰਗਤ ਦੇ ਦੇਖਣ ਵਾਸਤੇ ਰੱਖ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਮੇਂ ਦੇ ਨਾਲ ਇਹ ਦਰਵਾਜ਼ੇ ਖਸਤਾ ਹਾਲਤ ਵਿਚ ਹੋ ਗਏ ਸਨ। ਹੁਣ ਇਨ੍ਹਾਂ ਦੀ ਥਾਂ ਇਸੇ ਵਰਗੇ ਹੋਰ ਦਰਵਾਜ਼ੇ ਬਣਵਾਏ ਗਏ ਹਨ। ਇਨ੍ਹਾਂ ’ਤੇ ਆਗਰਾ ਤੋਂ ਸੱਦੇ ਕਾਰੀਗਰਾਂ ਵੱਲੋਂ ਵਿਸ਼ੇਸ਼ ਮੀਨਾਕਾਰੀ ਦਾ ਕੰਮ ਕੀਤਾ ਗਿਆ ਹੈ। ਦਰਵਾਜ਼ੇ ਤਿਆਰ ਕਰਨ ਤੋਂ ਪਹਿਲਾਂ ਪੁਰਾਤਨ ਦਰਵਾਜ਼ਿਆਂ ਦੀ ਮਾਈਕਰੋ ਫੋਟੋਗਰਾਫੀ ਕੀਤੀ ਗਈ ਸੀ, ਜਿਸ ਦੇ ਆਧਾਰ ’ਤੇ ਨਵੇਂ ਦਰਵਾਜ਼ੇ ਤਿਆਰ ਕੀਤੇ ਗਏ ਹਨ।
ਭੂਰੀ ਵਾਲੇ ਸੰਪਰਦਾ ਨੂੰ ਸੌਂਪੀ ਗਈ ਸੀ ਨਵੇਂ ਦਰਵਾਜ਼ਿਆਂ ਦੀ ਕਾਰ ਸੇਵਾ: ਇੰਚਾਰਜ
ਕੇਂਦਰੀ ਸਿੱਖ ਅਜਾਇਬ ਘਰ ਦੇ ਇੰਚਾਰਜ ਇਕਬਾਲ ਸਿੰਘ ਮੁਖੀ ਨੇ ਦੱਸਿਆ ਕਿ ਪ੍ਰਕਰਮਾ ਵਿਚ ਬਣੇ ਅਜਾਇਬ ਘਰ ਦੇ ਪ੍ਰਵੇਸ਼ ਦੁਆਰ ਦੇ ਹਾਲ ਵਿਚ ਇਹ ਪੁਰਾਤਨ ਦਰਵਾਜ਼ੇ ਰੱਖੇ ਗਏ ਹਨ। 2010 ਵਿਚ ਇਨ੍ਹਾਂ ਨੂੰ ਉਤਾਰ ਦਿੱਤਾ ਗਿਆ ਸੀ। ਇਨ੍ਹਾਂ ਦੀ ਥਾਂ ਨਵੇਂ ਦਰਵਾਜ਼ੇ ਬਣਾਉਣ ਦੀ ਕਾਰ ਸੇਵਾ ਭੂਰੀ ਵਾਲੇ ਸੰਪਰਦਾ ਨੂੰ ਸੌਂਪੀ ਗਈ ਸੀ, ਜਿਨ੍ਹਾਂ ਵੱਲੋਂ ਨਵੇਂ ਤਿਆਰ ਕੀਤੇ ਦਰਵਾਜ਼ੇ 2018 ਵਿਚ ਦਰਸ਼ਨੀ ਡਿਉਢੀ ਵਿਚ ਸਥਾਪਤ ਕਰ ਦਿੱਤੇ ਗਏ ਸਨ। ਨਵੇਂ ਦਰਵਾਜ਼ੇ ਤਿਆਰ ਕਰਨ ਲਈ ਕਾਲੀ ਟਾਹਲੀ ਦੀ ਲੱਕੜ ਵਰਤੀ ਗਈ ਹੈ। ਪਹਿਲਾਂ ਵਾਂਗ ਹੀ ਚਾਂਦੀ ਦੀ ਵਰਤੋਂ ਕੀਤੀ ਗਈ ਹੈ ਪਰ ਹਾਥੀ ਦੰਦ ’ਤੇ ਪਾਬੰਦੀ ਹੋਣ ਕਾਰਨ ਇਸ ਦੀ ਵਰਤੋਂ ਨਹੀਂ ਕੀਤੀ ਗਈ।