ਭਗਵਾਨ ਦਾਸ ਸੰਦਲ
ਦਸੂਹਾ, 27 ਫਰਵਰੀ
ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ। ਉਥੋਂ ਦੀ ਸੁਮੀ ਸਟੇਟ ਯੂਨੀਵਰਸਿਟੀ ਆਫ ਮੈਡੀਕਲ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਦਸੂਹਾ ਦੇ ਗੁਰਵਿੰਦਰ ਸਿੰਘ ਚਾਂਦ, ਉੱਤਰ ਪ੍ਰਦੇਸ਼ ਦੇ ਸ਼ੁਭਮ ਸਿੰਘ, ਮੱਧ ਪ੍ਰਦੇਸ਼ ਦੇ ਹਰਸ਼ਿਤ ਚੌਰਸੀਆ, ਰਾਜਸਥਾਨ ਦੇ ਲਲਿਤ ਕੁਮਾਰ, ਦਿਵਿਆ ਮੈਂਗੀ ਤੇ ਮਕਸੂਸ ਮੁਹੰਮਦ ਸਮੇਤ ਹੋਰ ਵਿਦਿਆਰਥੀਆਂ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਦੇ ਵੱਖ-ਵੱਖ ਰਾਜਾਂ ਦੇ 25 ਤੋਂ ਵੱਧ ਵਿਦਿਆਰਥੀ ਹੋਸਟਲ ਦੇ ਬੰਕਰ ’ਚ ਕੈਦ ਹਨ ਅਤੇ ਹੋਸਟਲ ਦੇ ਨੇੜਲੇ ਇਲਾਕਿਆਂ ’ਚ ਬੰਬਾਰੀ ਕੀਤੀ ਜਾ ਰਹੀ ਹੈ। ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਉਥੋਂ ਸੜਕੀ ਮਾਰਗ ਰਾਹੀਂ ਹੰਗਰੀ, ਰੋਮਾਨੀਆ ਤੇ ਪੋਲੈਂਡ ਲਿਜਾ ਕੇ ਭਾਰਤ ਵਾਪਸ ਲਿਆਉਣ ਦੇ ਯਤਨ ਜਾਰੀ ਹਨ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਵਿਭਾਗ ਨੂੰ ਹੁਸ਼ਿਆਰਪੁਰ ਦੀ ਨਾਲਿਨੀ ਕੌਰ, ਅੰਕਿਤ ਕਾਲੀਆ, ਅਮਿਤ ਬੱਗਾ, ਪੂਨਮ ਕੇਸ਼ਵ, ਦਸੂਹਾ ਦੇ ਗੁਰਵਿੰਦਰ ਸਿੰਘ ਚਾਂਦ, ਤੇਜਵੀਰ ਕੌਰ ਤੇ ਨਵਨੀਤ ਕੌਰ ਘੁੰਮਣ, ਮੁਕੇਰੀਆਂ ਦੇ ਜੈਇੰਦਰਪ੍ਰੀਤ ਪਾਲ, ਗੁਰਲੀਨ ਪਾਲ ਕੌਰ ਤੇ ਰਾਬਿਆ ਸਿੰਘ ਸਮੇਤ ਹੋਰਾਂ ਦੇ ਵੇਰਵੇ ਭੇਜੇ ਹਨ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।