ਸੌਰਭ ਮਲਿਕ
ਚੰਡੀਗੜ੍ਹ, 5 ਜੁਲਾਈ
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਅਬੋਹਰ ਦੇ 100 ਬਿਸਤਰਿਆਂ ਵਾਲੇ ਸਬ-ਡਿਵੀਜ਼ਨਲ ਸਿਵਲ ਹਸਪਤਾਲ ਵਿੱਚ ਰੈਗੂਲਰ ਐਨਸਥੀਸੀਆ ਮਾਹਿਰ ਦੀ ਅਸਾਮੀ ਖਾਲੀ ਹੋਣ ਸਬੰਧੀ ਛਪੀ ਖ਼ਬਰ ਦਾ ਖੁਦ ਨੋਟਿਸ ਲਿਆ ਹੈ। ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਫਾਜ਼ਿਲਕਾ ਦੇ ਸਿਵਲ ਸਰਜਨ ਅਤੇ ਪੰਜਾਬ ਦੇ ਡਾਇਰੈਕਟਰ (ਸਿਹਤ ਤੇ ਪਰਿਵਾਰ ਸੇਵਾਵਾਂ) ਤੋਂ ਵੀ ਇਸ ਬਾਰੇ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦੀ ਅਗਲੀ ਤਰੀਕ 2 ਅਕਤੂਬਰ ਤੱਕ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ।
ਕਮਿਸ਼ਨ ਮੁਤਾਬਿਕ ਜਦੋਂ ਉਸ ਨੇ ਇਕ ਮੋਹਰੀ ‘ਰੋਜ਼ਾਨਾ ਅਖਬਾਰ’ ਵਿੱਚ ਪ੍ਰਕਾਸ਼ਿਤ ਖਬਰ, ਜਿਸ ਦਾ ਸਿਰਲੇਖ ‘ਅਬੋਹਰ ਸਿਵਲ ਹਸਪਤਾਲ ਵਿੱਚ ਕੋਈ ਐਨਸਥੀਸੀਆ ਮਾਹਿਰ ਨਹੀਂ’ ਦੀ ਜਾਂਚ ਕੀਤੀ ਤਾਂ ਉੁਸ ਦੇ ਧਿਆਨ ਵਿੱਚ ਆਇਆ ਕਿ ਸੂਬਾ ਸਰਕਾਰ ਹਸਪਤਾਲ ਵਿੱਚ ਨਿਯਮਤ ਐਨਸਥੀਸੀਆ ਮਾਹਿਰ ਤਾਇਨਾਤ ਕਰਨ ਵਿੱਚ ਅਸਫਲ ਰਹੀ ਹੈ। ਇਸ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕੀਤਾ ਜਾ ਰਿਹਾ ਹੈ। ਜਸਟਿਸ ਸੰਤ ਪ੍ਰਕਾਸ਼ ਨੇ ਕਿਹਾ,‘ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਅਤੇ ਅਗਲੀ ਸੁਣਵਾਈ ਤੋਂ ਪਹਿਲਾਂ ਫਾਜ਼ਿਲਕਾ ਦੇ ਸਿਵਲ ਸਰਜਨ ਅਤੇ ਡਾਇਰੈਕਟਰ (ਸਿਹਤ ਅਤੇ ਪਰਿਵਾਰ ਸੇਵਾਵਾਂ, ਪੰਜਾਬ) ਤੋਂ ਰਿਪੋਰਟ ਤਲਬ ਕੀਤੀ ਗਈ ਹੈ।