ਨਿੱਜੀ ਪੱਤਰ ਪ੍ਰੇਰਕ
ਨਾਭਾ, 7 ਸਤੰਬਰ
ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਖ਼ਬਰਾਂ ਦੇ ਆਧਾਰ ’ਤੇ ਮੰਗਲਵਾਰ ਨੂੰ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਦਾ ਸਵੈ-ਪ੍ਰੇਰਿਤ ਨੋਟਿਸ ਲਿਆ ਹੈ। ਇਸ ਸਬੰਧੀ ਨਾਭਾ ਸਦਰ ਪੁਲੀਸ ਦਾ ਦਾਅਵਾ ਹੈ ਕਿ ਨਾਬਾਲਗ ਨਾਲ ਜਬਰ-ਜਨਾਹ ਕੇਸ ਦੇ ਮੁਲਜ਼ਮ ਬੂਟਾ ਸਿੰਘ ਨੇ ਗ੍ਰਿਫ਼ਤਾਰੀ ਦੇ ਕੁਝ ਘੰਟਿਆਂ ਬਾਅਦ ਹੀ ਥਾਣੇ ’ਚ ਖ਼ੁਦਕੁਸ਼ੀ ਕਰ ਲਈ ਸੀ। ਕਮਿਸ਼ਨ ਵੱਲੋਂ ਐੱਸਐੱਸਪੀ ਪਟਿਆਲਾ ਨੂੰ ਨਿਆਂਇਕ ਜਾਂਚ ਦੇ ਨਾਲ-ਨਾਲ ਆਪਣੀ ਰਿਪੋਰਟ ਵੀ ਏਡੀਜੀਪੀ, ਮਨੁੱਖੀ ਅਧਿਕਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। 32 ਸਾਲਾ ਬੂਟਾ ਸਿੰਘ ਨੂੰ ਕਥਿਤ ਤੌਰ ’ਤੇ ਨਾਭਾ ਰੇਲਵੇ ਪੁਲੀਸ ਸਟੇਸ਼ਨ ਤੋਂ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ। ਲੜਕੀ ਤੇ ਉਸ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ।