ਚਰਨਜੀਤ ਭੁੱਲਰ
ਚੰਡੀਗੜ੍ਹ, 5 ਅਪਰੈਲ
ਭਾਰਤੀ ਫ਼ੌਜ ਦੇ ਅਫ਼ਸਰਾਂ ਤੇ ਜਵਾਨਾਂ ਲਈ ਪੰਜਾਬ ਦੀ ਲੱਸੀ ਪਹਿਲੀ ਪਸੰਦ ਬਣਨ ਲੱਗੀ ਹੈ। ਭਾਰਤੀ ਫ਼ੌਜ ਵੱਲੋਂ ਸਪੈਸ਼ਲ ਰਾਸ਼ਨ ਤਹਿਤ ਐਤਕੀਂ ਜੋ ਲੱਸੀ ਦੀ ਖਰੀਦ ਦੇ ਟੈਂਡਰ ਲਾਏ ਗਏ ਸਨ, ਉਨ੍ਹਾਂ ਵਿੱਚ ਵੇਰਕਾ ਨੂੰ ਸਭ ਤੋਂ ਵੱਡਾ ਆਰਡਰ ਮਿਲਿਆ ਹੈ। ਵੇਰਕਾ ਵੱਲੋਂ ਕਰੀਬ ਦਰਜਨ ਸੂਬਿਆਂ ਵਿੱਚ ਭਾਰਤੀ ਫ਼ੌਜ ਨੂੰ ਚਾਲੂ ਮਾਲੀ ਵਰ੍ਹੇ ਦੌਰਾਨ ਲੱਸੀ ਸਪਲਾਈ ਕੀਤੀ ਜਾਵੇਗੀ। ਲੱਸੀ ਦੇ ਆਰਡਰ ਮਿਲਣ ਮਗਰੋਂ ਵੇਰਕਾ ਨੂੰ ਚੰਗਾ ਹੁਲਾਰਾ ਮਿਲਿਆ ਹੈ।
ਵੇਰਵਿਆਂ ਅਨੁਸਾਰ ਵੇਰਕਾ ਵੱਲੋਂ ਚਾਲੂ ਮਾਲੀ ਵਰ੍ਹੇ ਦੌਰਾਨ ਭਾਰਤੀ ਫ਼ੌਜ ਨੂੰ 16.35 ਲੱਖ ਲਿਟਰ ਲੱਸੀ ਦੀ ਸਪਲਾਈ ਦਿੱਤੀ ਜਾਵੇਗੀ ਜਦਕਿ ਲੰਘੇ ਵਰ੍ਹੇ ਭਾਰਤੀ ਫ਼ੌਜ ਨੂੰ ਵੇਰਕਾ ਨੇ 7.18 ਲੱਖ ਲਿਟਰ ਲੱਸੀ ਸਪਲਾਈ ਕੀਤੀ ਸੀ। ਵੇਰਕਾ ਵੱਲੋਂ ਇਸ ਸਾਲ ਪਿਛਲੇ ਵਰ੍ਹੇ ਨਾਲੋਂ 9.2 ਲੱਖ ਲਿਟਰ ਲੱਸੀ ਵੱਧ ਸਪਲਾਈ ਕੀਤੀ ਜਾਵੇਗੀ ਅਤੇ ਇਹ ਵਾਧਾ ਕਰੀਬ 130 ਫ਼ੀਸਦ ਬਣਦਾ ਹੈ। ਕੁੱਲ ਟੈਂਡਰਾਂ ’ਚ 89 ਫ਼ੀਸਦੀ ਸਪਲਾਈ ਆਰਡਰ ਵੇਰਕਾ ਨੂੰ ਮਿਲਿਆ ਹੈ।
ਗੁਜਰਾਤ ’ਚ ਵੇਰਕਾ ਨੂੰ ਆਰਡਰ ਨਹੀਂ ਮਿਲਿਆ। ਗੁਜਰਾਤ ਦੇ ਅਦਾਰੇ ਅਮੂਲ ਨੂੰ ਕੁੱਲ ਟੈਂਡਰਾਂ ਵਿੱਚੋਂ 11 ਫ਼ੀਸਦੀ ਸਪਲਾਈ ਆਰਡਰ ਮਿਲਿਆ ਹੈ। ਵੇਰਕਾ ਤਰਫੋਂ ਸਾਲ ਭਰ ਦੌਰਾਨ ਕਰੀਬ 9 ਕਰੋੜ ਰੁਪਏ ਦੀ ਲੱਸੀ ਭਾਰਤੀ ਫ਼ੌਜ ਨੂੰ ਸਪਲਾਈ ਕੀਤੀ ਜਾਵੇਗੀ, ਜਿਸ ਵਿੱਚੋਂ ਵੇਰਕਾ ਨੂੰ ਕਰੀਬ 94 ਲੱਖ ਰੁਪਏ ਦਾ ਮੁਨਾਫਾ ਹੋਵੇਗਾ। ਮੁਹਾਲੀ ਦੇ ਵੇਰਕਾ ਪਲਾਂਟ ਦੇ ਜਨਰਲ ਮੈਨੇਜਰ ਰੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਵੇਰਕਾ ਉਤਪਾਦਾਂ ਦੀ ਗੁਣਵੱਤਾ ’ਤੇ ਇਸ ਤਰ੍ਹਾਂ ਦੇ ਆਰਡਰ ਵੱਡੀ ਮੋਹਰ ਲਾਉਂਦੇ ਹਨ। ਵੇਰਕਾ ਵੱਲੋਂ ਇਸੇ ਵਿੱਤੀ ਵਰ੍ਹੇ ਦੌਰਾਨ ਕਸ਼ਮੀਰ, ਲੇਹ, ਲੱਦਾਖ, ਉੱਤਰਾਖੰਡ, ਅਸਾਮ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਭਾਰਤੀ ਫ਼ੌਜ ਨੂੰ ਲੱਸੀ ਦੀ ਸਪਲਾਈ ਦਿੱਤੀ ਜਾਣੀ ਹੈ। ਮਿਲਕਫੈੱਡ ਦੇ ਅਧਿਕਾਰੀ ਦੱਸਦੇ ਹਨ ਕਿ ਵੇਰਕਾ ਨੂੰ ਕੌਮਾਂਤਰੀ ਪੱਧਰ ’ਤੇ ਘਿਓ ਦੇ ਵੱਡੇ ਆਰਡਰ ਮਿਲਣ ਲੱਗੇ ਹਨ। ਵੇਰਕਾ ਦੀ ਆਈਸ ਕਰੀਮ ਵੀ ਮਾਰਕੀਟ ਵਿੱਚ ਕਾਫੀ ਅੱਗੇ ਆ ਗਈ ਹੈ।
ਗੁਜਰਾਤ ਵੀ ਵੇਰਕਾ ਦੀ ਲੱਸੀ ਦਾ ਸਵਾਦ ਚੱਖੇ: ਰੰਧਾਵਾ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਭਾਰਤੀ ਫ਼ੌਜ ਵੱਲੋਂ ਸਭ ਤੋਂ ਵੱਧ ਟੈਂਡਰ ਵੇਰਕਾ ਨੂੰ ਮਿਲੇ ਹਨ ਅਤੇ ਵੇਰਕਾ ਨੂੰ ਲੱਸੀ ਦੀ ਸਪਲਾਈ ਵਿੱਚ ਵੱਡਾ ਆਰਡਰ ਮਿਲਣ ਤੋਂ ਸਾਫ਼ ਹੈ ਕਿ ਭਾਰਤੀ ਫ਼ੌਜ ਨੂੰ ਵੇਰਕਾ ਦੀ ਲੱਸੀ ਪਸੰਦ ਆਈ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਵੀ ਵੇਰਕਾ ਦੀ ਲੱਸੀ ਦਾ ਸੁਆਦ ਚੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵੇਰਕਾ ਦੇ ਉਤਪਾਦ ਹਰ ਪਾਸੇ ਮੋਹਰੀ ਬਣਨ ਲੱਗੇ ਹਨ।