ਪਾਲ ਸਿੰਘ ਨੌਲੀ
ਜਲੰਧਰ, 14 ਜੂਨ
ਆਰਮੀਨੀਆ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਵਾਇਰਲ ਵੀਡਿਓ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਉਨ੍ਹਾਂ ਨਾਲ ਜੇਲ੍ਹ ਵਿੱਚ ਮੁਲਾਕਾਤ ਕਰ ਲਈ ਹੈ। ਇਨ੍ਹਾਂ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪਾਈ ਗਈ ਸੀ ਜਿਸ ਵਿੱਚ ਉਨ੍ਹਾਂ ਆਪਣੇ-ਆਪ ਨੂੰ ਆਰਮੀਨੀਆ ਦੀ ਅਰਮਾਵੀਰ ਜੇਲ੍ਹ ਵਿੱਚ ਦੱਸਿਆ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਸੋਸ਼ਲ ਮੀਡੀਆ ’ਤੇ ਇਸ ਵੀਡਿਓ ਨੂੰ ਦੇਖਿਆ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਵਿਦੇਸ਼ ਮੰਤਰਾਲੇ ਤੇ ਆਰਮੀਨੀਆ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ। ਇਨ੍ਹਾਂ ਨੌਜਵਾਨਾਂ ਵਿੱਚ ਬਹੁਤੇ ਪੰਜਾਬੀ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵੱਲੋਂ ਆਈ ਈ-ਮੇਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਯੇਰੇਵਨ ਵਿੱਚ ਭਾਰਤੀ ਦੂਤਾਵਾਸ ਦੇ ਕੌਂਸਲਰ ਵੱਲੋਂ ਜੇਲ੍ਹ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜੇਲ੍ਹ ਵਿੱਚ 12 ਦੇ ਕਰੀਬ ਭਾਰਤੀ ਨੌਜਵਾਨ ਬੰਦ ਹਨ, ਜਿਹੜੇ ਫਰਵਰੀ-ਮਾਰਚ 2024 ਦੌਰਾਨ ਗੈਰਕਾਨੂੰਨੀ ਢੰਗ ਨਾਲ ਆਰਮੀਨੀਆ-ਜਾਰਜੀਆ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਉੱਥੇ ਦੇ ਸੁਰੱਖਿਆ ਬਲ ਵੱਲੋਂ ਫੜੇ ਗਏ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿਰੁੱਧ ਉੱਥੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਬਿਹਤਰ ਭਵਿੱਖ ਲਈ ਪੱਛਮੀ ਯੂਰਪ ਦੇ ਮੁਲਕਾਂ ਵਿਚ ਜਾਣਾ ਸੀ। ਟਰੈਵਲ ਏਜੰਟਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਡੌਂਕੀ ਰਾਹੀਂ ਆਰਮੀਨੀਆ-ਜਾਰਜੀਆ ਰਾਹੀ ਸਰਹੱਦ ਪਾਰ ਕਰਾਉਣੀ ਸੀ, ਪਰ ਬਦਕਿਸਮਤੀ ਨਾਲ ਇਹ ਨੌਜਵਾਨ ਉੱਥੇ ਫੜੇ ਗਏ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕੀਤੀ ਹੈ ਤੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਯਤਨਸ਼ੀਲ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਰਜ਼ੀ ਟਰੈਵਲ ਏਜੰਟਾਂ ਤੋਂ ਚੌਕਸ ਰਹਿਣ ਤੇ ਉਨ੍ਹਾਂ ਦੇ ਚੜ੍ਹ ਕਿ ਆਪਣੀ ਜ਼ਿੰਦਗੀ ਨੂੰ ਖ਼ਤਰਿਆਂ ਵਿੱਚ ਨਾ ਪਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹ ਵਿੱਚ ਬੰਦ ਇਨ੍ਹਾਂ ਨੌਜਵਾਨਾਂ ਨੂੰ ਖਾਣੇ ਦੀ ਸਮੱਸਿਆ ਆ ਰਹੀ ਸੀ ਜਿਸ ਬਾਰੇ ਭਾਰਤੀ ਦੂਤਾਵਾਸ ਨੇ ਆਰਮੀਨੀਆ ਦੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੰਤਰਾਲਾ ਤੇ ਭਾਰਤੀ ਦੂਤਾਵਾਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ ਜਾ ਰਹੀ ਹੈ। ਆਰਮੀਨੀਆ ਵਿੱਚ ਫਸੇ ਇਨ੍ਹਾਂ ਨੌਜਵਾਨਾਂ ਦੀ ਵੀਡਿਓ ਸੰਤ ਸੀਚੇਵਾਲ ਵੱਲੋਂ ਆਪਣੀ ਫੇਸਬੁੱਕ ’ਤੇ ਸਾਂਝੀ ਕਰਨ ਨਾਲ 2 ਪਰਿਵਾਰਾਂ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ ਜਿਨ੍ਹਾਂ ਦੇ ਬੱਚੇ ਉੱਥੇ ਫਸੇ ਹੋਏ ਹਨ।