ਸੰਜੀਵ ਬੱਬੀ
ਚਮਕੌਰ ਸਾਹਿਬ, 2 ਮਾਰਚ
ਯੂਕਰੇਨ ਵਿੱਚ ਫਸੇ ਪਿੰਡ ਬਾਲਸੰਢਾਂ ਦੇ ਸੁਮਿਤ ਕੁਮਾਰ ਦੇ ਮਾਪਿਆਂ ਦਾ ਫ਼ਿਕਰ ਵਧਦਾ ਜਾ ਰਿਹਾ ਹੈ। ਉਹ ਸਰਕਾਰ ਦੇ ਰਵੱਈਏ ਤੋਂ ਵੀ ਪ੍ਰੇਸ਼ਾਨ ਹਨ। ਸੁਮਿਤ ਕੁਮਾਰ ਦੀ ਮਾਂ ਪ੍ਰਵੀਨ ਸ਼ਰਮਾ ਅਤੇ ਪਿਤਾ ਮਨਵੀਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਦੋ ਮਹੀਨੇ ਪਹਿਲਾਂ ਹੀ ਯੂਕਰੇਨ ਦੇ ਪੁਲਟਾਵਾ ਦੀ ਸਟੇਟ ਮੈਡੀਕਲ ਯੂਨੀਵਰਸਿਟੀ ਵਿਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਸੀ। ਪ੍ਰਵੀਨ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਮੁਸ਼ਕਿਲ ਨਾਲ ਹੀ ਗੱਲਬਾਤ ਹੋ ਰਹੀ ਹੈ। ਸੁਮਿਤ ਨੇ ਦੱਸਿਆ ਕਿ ਉਹ ਹੁਣ ਖਾਣ-ਪੀਣ ਤੋਂ ਵੀ ਔਖੇ ਹਨ ਅਤੇ ਬੇਸਮੈਂਟਾਂ ਵਿੱਚ ਲੁਕੇ ਬੈਠੇ ਹਨ। ਮਨਵੀਰ ਸ਼ਰਮਾ ਨੇ ਦੱਸਿਆ ਕਿ ਉਹ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰਾਂ ’ਤੇ ਲਗਾਤਾਰ ਸੰਪਰਕ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕਿਸੇ ਤੋਂ ਵੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਇਸ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ।
ਉਨ੍ਹਾਂ ਦੱਸਿਆ ਕਿ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਵੱਲੋਂ ਵਿਦਿਆਰਥੀਆਂ ਨੂੰ ਹੰਗਰੀ ਜਾਂ ਰੋਮਾਨੀਆ ਦੇ ਬਾਰਡਰ ’ਤੇ ਪਹੁੰਚਣ ਲਈ ਸਲਾਹ ਦਿੱਤੀ ਜਾ ਰਹੀ ਹੈ ਪਰ ਬੰਬਾਂ ਤੇ ਮਿਜ਼ਾਈਲਾਂ ਦੇ ਹਮਲੇ ਕਾਰਨ ਭੁੱਖੇ ਤਿਹਾਏ ਬੈਠੇ ਵਿਦਿਆਰਥੀਆਂ ਦਾ ਦੂਜੇ ਮੁਲਕ ਤਕ ਪੁੱਜਣਾ ਔਖਾ ਹੈ। ਉਨ੍ਹਾਂ ਕਿਹਾ ਕਿ ਦੂਤਾਵਾਸ ਵੱਲੋਂ ਵਿਦਿਆਰਥੀਆਂ ਲਈ ਵਾਹਨਾਂ ਦੇ ਪ੍ਰਬੰਧ ਕਰਨ ਦੀ ਥਾਂ ਸਿਰਫ਼ ਸਲਾਹਾਂ ਹੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਯੂਕਰੇਨ ਵਿੱਚ ਬਾਕੀ ਰਹਿ ਗਏ ਵਿਦਿਆਰਥੀਆਂ ਨੂੰ ਜਲਦੀ ਉਨ੍ਹਾਂ ਦੇ ਮਾਪਿਆਂ ਕੋਲ ਵਾਪਸ ਲਿਆਂਦਾ ਜਾਵੇ।
ਵੀਡੀਓ ਕਾਲ ’ਤੇ ਗੱਲਬਾਤ ਕਰਦਿਆਂ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਬੇਸਮੈਂਟ ਵਿੱਚ ਲੁਕਿਆ ਹੋਇਆ ਹੈ। ਹੁਣ ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਖ਼ਤਮ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਵੀ ਵਿਦਿਆਰਥੀਆਂ ਨੂੰ ਸਹੀ ਅਗਵਾਈ ਨਹੀਂ ਦੇ ਰਿਹਾ। ਗੱਲਬਾਤ ਦੌਰਾਨ ਉਹ ਕਾਫ਼ੀ ਡਰਿਆ ਹੋਇਆ ਸੀ।