ਚਰਨਜੀਤ ਭੁੱਲਰ
ਚੰਡੀਗੜ੍ਹ, 9 ਮਾਰਚ
ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਸਦਨ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਮਾਰੇ ਗਏ ਛਾਪਿਆਂ ਦੀ ਗੂੰਜ ਪਈ। ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਈਡੀ ਤੋਂ ਇਹ ਛਾਪਾ ਮਰਵਾਇਆ ਹੈ।
ਢੀਂਡਸਾ ਨੇ ਕਿਹਾ ਕਿ ਸੁਖਪਾਲ ਨੇ ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਦਾ ਮਾਮਲਾ ਚੁੱਕਿਆ ਅਤੇ ਯੂਏਪੀਏ ਨੂੰ ਲੈ ਕੇ ਸਰਕਾਰ ਦੀ ਘੇਰਾਬੰਦੀ ਵੀ ਕਰਦੇ ਰਹੇ ਹਨ। ਖਹਿਰਾ ਦੀ ਆਵਾਜ਼ ਦਬਾਉਣ ਲਈ ਈਡੀ ਤੋਂ ਇਹ ਛਾਪੇ ਮਰਵਾਏ ਗਏ ਹਨ, ਜਿਸ ਦੀ ਸਦਨ ਵੱਲੋਂ ਨਿੰਦਾ ਕੀਤੀ ਜਾਣੀ ਬਣਦੀ ਹੈ। ਇਸ ਦੌਰਾਨ ਢੀਂਡਸਾ ਨੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦਾ ਮਾਮਲਾ ਵੀ ਚੁੱਕਿਆ ਅਤੇ ਕਿਹਾ ਕਿ ਇੱਥੋਂ ਦੇ ਅਧਿਆਪਕਾਂ ਨੂੰ ਸਾਲ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਸਕੀਆਂ ਹਨ ਅਤੇ ਸਰਕਾਰ ਹੁਣ ਇਸ ਨੂੰਘ ਬੰਦ ਕਰਨ ਦੇ ਰਾਹ ਪੈ ਗਈ ਹੈ।
ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਚੰਨੀ ਨੇ ਢੀਂਡਸਾ ਦੀ ਗੱਲ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਈਡੀ ਦੀਆਂ ਕਾਰਵਾਈਆਂ ’ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਸੀਬੀਆਈ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਈਡੀ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਭਾਜਪਾ ਵਿੱਚ ਮਿਲਾਉਣ ਲਈ ਇਹ ਛਾਪੇ ਮਾਰੇ ਗਏ ਹਨ। ਕੇਂਦਰ ਸਰਕਾਰ ਦਾ ਇਹ ਪੰਜਾਬੀਆਂ ਦੀ ਅਣਖ ’ਤੇ ਹਮਲਾ ਹੈ। ਕਿਸਾਨੀ ਘੋਲ ਨੂੰ ਦਬਾਉਣ ਲਈ ਵੀ ਅਜਿਹਾ ਹੋਇਆ ਹੈ। ਚੰਨੀ ਨੇ ਕਿਹਾ ਕਿ ਮਿਮਟ ਮਲੋਟ ਅਤੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਬੰਦ ਨਹੀਂ ਹੋਣੇ ਚਾਹੀਦੇ, ਜਿਸ ਬਾਰੇ ਵਿੱਤ ਮੰਤਰੀ ਨਾਲ ਗੱਲ ਕੀਤੀ ਜਾਵੇਗੀ।
ਵਿਧਾਇਕ ਕੰਵਰ ਸੰਧੂ ਨੇ ਵੀ ਸੁਖਪਾਲ ਖਹਿਰਾ ਦੀ ਰਿਹਾਇਸ਼ ’ਤੇ ਮਾਰੇ ਛਾਪਿਆਂ ਦੀ ਗੱਲ ਸਦਨ ਵਿੱਚ ਉਠਾਈ। ਸੰਧੂ ਨੇ ਕਿਹਾ ਕਿ ਈਡੀ ਨੇ ਖਹਿਰਾ ਦੇ ਪਿੰਡ ਰਾਮਗੜ੍ਹ ਅਤੇ ਚੰਡੀਗੜ੍ਹ ਰਿਹਾਇਸ਼ ’ਤੇ ਛਾਪੇ ਮਾਰੇ ਹਨ। ਖਹਿਰਾ ਨੇ ਕੇਂਦਰ ਦੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਉਠਾਈ ਸੀ, ਜਿਸ ਬਦਲੇ ਅਜਿਹੀ ਕਾਰਵਾਈ ਕੀਤੀ ਗਈ ਹੈ। ਵਿਧਾਇਕ ਸੰਧੂ ਨੇ ਮੰਗ ਕੀਤੀ ਕਿ ਅਜਿਹਾ ਮਤਾ ਲਿਆਉਣਾ ਚਾਹੀਦਾ ਹੈ ਕਿ ਈਡੀ ਭਵਿੱਖ ਵਿੱਚ ਬਿਨਾਂ ਪ੍ਰਵਾਨਗੀ ਤੋਂ ਕਿਸੇ ਵਿਧਾਇਕ ਦੇ ਘਰ ’ਤੇ ਛਾਪੇ ਨਾ ਮਾਰ ਸਕੇ।
ਸਦਨ ਵਿੱਚ ਖਹਿਰਾ ਦੇ ਮਾਮਲੇ ’ਤੇ ‘ਆਪ’ ਵਿਧਾਇਕ ਚੁੱਪ ਰਹੇ ਜਦੋਂਕਿ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਖਹਿਰਾ ਖ਼ਿਲਾਫ਼ ਹੋਈ ਕਾਰਵਾਈ ਦਾ ਵਿਰੋਧ ਕੀਤਾ। ਢਿੱਲੋਂ ਨੇ ਕਿਹਾ ਕਿ ਵਿਧਾਇਕ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਸ ਉਪਰ ਇਸ ਤਰ੍ਹਾਂ ਦੀ ਗੈਰ-ਕਨੂੰਨੀ ਛਾਪੇ ਨਹੀਂ ਮਾਰੇ ਜਾਣੇ ਚਾਹੀਦੇ। ‘ਆਪ’ ਵਿਧਾਇਕ ਅਮਰਜੀਤ ਸਿੰੰਘ ਸੰਦੋਆ ਨੇ ਇੱਕ ਗੂੰਗੀ ਔਰਤ ਦਾ ਮਾਮਲਾ ਚੁੱਕਿਆ, ਜੋ ਆਪਣੀ ਮਲਕੀਅਤ ਦੀ ਰਜਿਸਟਰੀ ਆਪਣੇ ਪਤੀ ਦੇ ਨਾਂ ਕਰਵਾਉਣਾ ਚਾਹੁੰਦੀ ਹੈ।
ਬਹਿਸ ਦਾ ਲਾਈਵ ਟੈਲੀਕਾਸਟ ਹੋਵੇ: ਸੰਧੂ
ਵਿਧਾਇਕ ਕੰਵਰ ਸੰਧੂ ਨੇ ਵਿਧਾਨ ਸਭਾ ਦੀ ਸਮੁੱਚੀ ਕਾਰਵਾਈ ਦਾ ਲਾਈਵ ਟੈਲੀਕਾਸਟ ਹੋਣ ਦਾ ਮੁੱਦਾ ਚੁੱਕਿਆ। ਸੰਧੂ ਨੇ ਕਿਹਾ ਕਿ ਜਦੋਂ ਸਦਨ ਵਿੱਚ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਬੋਲਦੇ ਹਨ ਤਾਂ ਲਾਈਵ ਟੈਲੀਕਾਸਟ ਦਿਖਾ ਦਿੱਤਾ ਜਾਂਦਾ ਹੈ ਜਦੋਂ ਵਿਰੋਧੀ ਧਿਰ ਦੇ ਮੈਂਬਰ ਬੋਲਦੇ ਹਨ ਤਾਂ ਉਸ ਨੂੰ ਲਾਈਵ ਟੈਲੀਕਾਸਟ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਸਦਨ ਦੀ ਸਮੁੱਚੀ ਬਹਿਸ ਦਾ ਲਾਈਵ ਟੈਲੀਕਾਸਟ ਹੋਵੇ। ਸਪੀਕਰ ਨੇ ਭਰੋਸਾ ਦਿੱਤਾ ਕਿ ਇਸ ਬਾਰੇ ਕਮੇਟੀ ਬਣਾਈ ਗਈ ਹੈ ਅਤੇ ਅਗਲੇ ਸੈਸ਼ਨ ਤੋਂ ਸਮੁੱਚੀ ਕਾਰਵਾਈ ਨੂੰ ਸੋਸ਼ਲ ਮੀਡੀਆ ’ਤੇ ਜਾਰੀ ਕਰ ਦਿੱਤਾ ਜਾਇਆ ਕਰੇਗਾ।
ਬਾਜਵਾ ਵੱਲੋਂ ਛੱਪੜਾਂ ਦੀ ਸਮੱਸਿਆ ਹੱਲ ਕਰਨ ਦਾ ਭਰੋਸਾ
ਸਦਨ ’ਚ ਧਿਆਨ ਦਿਵਾਊ ਮਤੇ ਦੌਰਾਨ ‘ਆਪ’ ਵਿਧਾਇਕ ਮੀਤ ਹੇਅਰ ਨੇ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਤੇ ਪਿੰਡ ਨੰਗਲ ਵਿੱਚ ਛੱਪੜਾਂ ਦੀ ਸਮੱਸਿਆ ਦਾ ਮਾਮਲਾ ਰੱਖਿਆ, ਜਿਸ ਬਾਰੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਰੁਪਿੰਦਰ ਕੌਰ ਰੂਬੀ ਨੇ ਫਰੀਦਕੋਟ ਮੈਡੀਕਲ ਕਾਲਜ ਤੇ ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਦਾ ਮਾਮਲਾ ਰੱਖਿਆ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਮੀਤ ਹੇਅਰ ਨੇ ਬਰਨਾਲਾ ਨੂੰ ਪੂਰਨ ਰੂਪ ਵਿੱਚ ਜ਼ਿਲ੍ਹੇ ਦਾ ਦਰਜਾ ਨਾ ਦੇਣ ਕਾਰਨ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੱਸੀਆਂ।