ਪੱਤਰ ਪ੍ਰੇਰਕ
ਲਹਿਰਾਗਾਗਾ, 21 ਜੂਨ
ਨੇੜਲੇ ਪਿੰਡ ਹਮੀਰਗੜ੍ਹ ਦੇ ਲਾਰਡ ਸ਼ਿਵਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਰੋਨਾ ਕਾਰਨ ਬੰਦ ਪਏ ਕਾਲਜ ਦੀਆਂ ਫੀਸਾਂ ਮੰਗਣ ਵਿਰੁੱਧ ਕੀਤੇ ਸੰਘਰਸ਼ ਸਦਕਾ ਕਾਲਜ ਦੀ ਮੈਨੇਜਮੈਂਟ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਮੰਨਣੀਆਂ ਪਈਆਂ ਅਤੇ ਵਿਦਿਆਰਥੀਆਂ ਦੀ ਫੀਸ ਮੁਆਫ ਕਰਨੀ ਪਈ। ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਹੁਸ਼ਿਆਰ ਸਿੰਘ ਅਤੇ ਸੁਨੀਲ ਕੁਮਾਰ ਨੇ ਕਿਹਾ ਕਿ ਜਥੇਬੰਦੀ ਇਸ ਲੁੱਟ ਖ਼ਿਲਾਫ਼ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਵਿਦਿਆਰਥੀਆਂ ਦੀ ਇਸ ਅੰਸ਼ਕ ਜਿੱਤ ਦੇ ਨਾਲ ਹੀ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਇਕੱਠੇ ਹੋ ਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦੀ ਹੈ। ਇਸ ਕਰਕੇ ਵਿਦਿਆਰਥੀਆਂ ਨੇ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਫੀਸਾਂ ਵਿਚ ਛੋਟ ਦਿੱਤੀ ਜਾਵੇ ਪਰ ਜਦੋਂ ਲਾਰਡ ਸ਼ਿਵਾ ਕਾਲਜ ਦੇ ਵਿਦਿਆਰਥੀ ਇਸ ਮੰਗ ਨੂੰ ਲੈ ਕੇ ਕਾਲਜ ਦੀ ਮੈਨੇਜਮੈਂਟ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਕਰਕੇ ਵਿਦਿਆਰਥੀਆਂ ਨੂੰ ਉਥੇ ਜ਼ਲੀਲ ਕੀਤਾ ਜਿਸ ਕਾਰਨ ਪਿਛਲੇ ਦਿਨਾਂ ਤੋਂ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਉੱਤੇ ਧਰਨਾ ਲਗਾਇਆ ਹੋਇਆ ਸੀ ਜਿਸ ਦੇ ਦਬਾਅ ਸਦਕਾ ਅੱਜ ਦੇ ਇਸ ਪ੍ਰੋਗਰਾਮ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਹਮਾਇਤ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਹਮੇਸ਼ਾ ਸਾਥ ਦਿੱਤਾ ਜਾਵੇਗਾ।