ਇਕਬਾਲ ਸਿੰਘ ਸ਼ਾਂਤ
ਲੰਬੀ, 11 ਜਨਵਰੀ
ਭਾਕਿਯੂ ਏਕਤਾ (ਉਗਰਾਹਾਂ) ਦੀ ਲੀਡਰਸ਼ਿਪ ਨੇ ਉਸ ਦੇ ਝੰਡੇ ਦੀ ਗ਼ੈਰਕਾਨੂੰਨੀ ਛਪਾਈ ਕਰਕੇ ਵੇਚਣ ਵਾਲੇ ਪ੍ਰਿੰਟਿੰਗ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਸਟੈਂਡ ਲਿਆ ਹੈ। ਅੱਜ ਲੰਬੀ ’ਚ ਭਾਕਿਯੂ ਬਲਾਕ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਦਿੱਲੀ ਧਰਨੇ ਦੌਰਾਨ ਸੂਬਾ ਕਮੇਟੀ ਵੱਲੋਂ ਢਾਈ ਲੱਖ ਝੰਡੇ ਤੇ ਕਰੀਬ ਪੰਜ ਲੱਖ ਬੈਜ ਛਪਵਾਏ ਜਾ ਚੁੱਕੇ ਹਨ। ਪੰਜਾਹ ਹਜ਼ਾਰ ਝੰਡਿਆਂ ਦਾ ਆਰਡਰ ਜਥੇਬੰਦੀ ਦੇ ਰਜਿਸਟਰਡ ਪ੍ਰਿੰਟਰ ਕੋਲ ਬਕਾਇਆ ਪਿਆ ਹੈ। ਜ਼ਮੀਨੀ ਪੱਧਰ ’ਤੇ ਝੰਡਿਆਂ ਦੀ ਮੰਗ ਪੂਰੀ ਨਹੀਂ ਹੋ ਰਹੀ। ਸੂਬਾ ਸਕੱਤਰ ਸ਼ੰਗਾਰਾ ਸਿੰਘ ਮਾਨ ਨੇ ਕਿਹਾ ਕਿ ਝੰਡਿਆਂ ਦੀ ਬਲੈਕ ਕਰਨ ਵਾਲਿਆਂ ਦੀ ਸੂਚੀ ਮੰਗਵਾਈ ਗਈ ਹੈ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਤੌਰ ’ਤੇ ਝੰਡਾ ਛਾਪ ਕੇ ਬਲੈਕ ਕਰਨ ਵਾਲਿਆਂ ਨੇ ਮੁਆਫ਼ੀ ਨਾ ਮੰਗੀ ਤਾਂ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਅੱਜ ਭਾਕਿਯੂ ਦੀ ਬਲਾਕ ਲੰਬੀ ਸ਼ਾਖਾ ਨੇ ਵੀ ਮੀਟਿੰਗ ਕਰਕੇ ਝੰਡਿਆਂ ਦੀ ਗ਼ੈਰਕਾਨੂੰਨੀ ਛਪਾਈ ਖਿਲਾਫ਼ ਸਖ਼ਤ ਸਟੈਂਡ ਲਿਆ।
ਅਜੀਤਵਾਲ (ਗੁਰਪ੍ਰੀਤ ਦੌਧਰ): ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਸੱਤ ਜ਼ਿਲ੍ਹਿਆਂ ਦੇ ਚੋਣਵੇਂ ਕਿਸਾਨ ਆਗੂਆਂ ਦੀ ਸਿੱਖਿਆ ਮੀਟਿੰਗ ਡੇਰਾ ਜੋਗੀ ਪੀਰ ਕਿਲੀ ਚਾਹਲ, ਅਜੀਤਵਾਲ ਵਿੱਚ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿੱਚ ਆਏ ਅਧਿਆਪਕ ਆਗੂਆਂ ਨੇ ਕਿਸਾਨ ਮੰਚ ਵੱਲੋਂ 18 ਜਨਵਰੀ ਨੂੰ ਔਰਤ ਦਿਵਸ ਮਨਾਉਣ ਦਾ ਸੱਦਾ ਕਬੂਲਦਿਆਂ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਪਿੰਡ ਧਨੌਲਾ ਅਤੇ ਸੁਰਜੀਤ ਜਿਆਣੀ ਦੇ ਪਿੰਡ ਕਟਿਹੜਾ, ਫਾਜ਼ਿਲਕਾ ਵਿੱਚ ਔਰਤਾਂ ਦਾ ਵੱਡਾ ਇਕੱਠ ਕਰਨ ਦਾ ਫ਼ੈਸਲਾ ਕੀਤਾ।