ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਗਸਤ
ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਅਫ਼ਗਾਨਿਸਤਾਨ ’ਚ ਹਿੰਦੂਆਂ ਤੇ ਸਿੱਖਾਂ ਦੀ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਦੀ ਤਰਜ਼ ’ਤੇ ਅਫ਼ਗਾਨਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੀ ਦਰਸ਼ਨ-ਯਾਤਰਾ ਵੀ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਜ਼ੋਰ ਦਿੱਤਾ ਕਿ ਇਸ ਯਾਤਰਾ ਨੂੰ ਸੰਭਵ ਬਣਾਉਣ ਲਈ ਭਾਰਤ ਸਰਕਾਰ ਤੇ ਨਵੀਂ ਦਿੱਲੀ ਸਥਿਤ ਅਫ਼ਗਾਨਿਸਤਾਨ ਦੂਤਾਵਾਸ ਨਾਲ ਸੰਪਰਕ ਕੀਤਾ ਜਾਵੇ। ਪ੍ਰੋ. ਸਰਚਾਂਦ ਨੇ ਕਿਹਾ ਕਿ ਧਾਰਮਿਕ ਯਾਤਰਾ ਸ਼ੁਰੂ ਹੋਣ ਨਾਲ ਅਫ਼ਗਾਨਿਸਤਾਨ ’ਚ ਰਹਿ ਰਹੇ ਹਿੰਦੂਆਂ ਤੇ ਸਿੱਖਾਂ ਨੂੰ ਆਪਣੇ ਭਾਈਚਾਰੇ ਦਾ ਸਾਥ, ਸੁਰੱਖਿਆ, ਦੇਸ਼ ਵਿੱਚ ਰਹਿਣ ਦੀ ਉਮੀਦ ਮਿਲੇਗੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਤੋਂ ਹਿੰਦੂ ਸਿੱਖਾਂ ਦਾ ਹਿਜਰਤ ਕਰਨਾ ਮਸਲੇ ਦਾ ਕੋਈ ਸਥਾਈ ਹੱਲ ਨਹੀਂ ਹੋ ਸਕਦਾ ਤੇ ਇਸ ਹਿਜਰਤ ਨਾਲ ਸਿੱਖ ਭਾਈਚਾਰਾ ਇਤਿਹਾਸਕ ਅਤੇ ਸਥਾਨਕ ਗੁਰਦੁਆਰਿਆਂ ਤੋਂ ਹਮੇਸ਼ਾ ਲਈ ਵਾਂਝਾ ਹੋ ਜਾਵੇਗਾ।