ਖੇਤਰੀ ਪ੍ਰਤੀਨਿਧ
ਪਟਿਆਲਾ, 6 ਫਰਵਰੀ
ਸ਼ਾਹੀ ਸ਼ਹਿਰ ਪਟਿਆਲਾ, ਜਿਸ ਨੂੰ ਦੋ ਵਾਰ ਆਪਣਾ ਵਿਧਾਇਕ ਮੁੱਖ ਮੰਤਰੀ ਬਣਾਉਣ ਦਾ ਮਾਣ ਵੀ ਮਿਲਿਆ, ਤੋਂ ਹੁਣ ਤੱਕ ਕੋਹਲੀ ਪਰਿਵਾਰ ਨੇ ਹੀ ਸਭ ਤੋਂ ਵੱਧ (ਅੱਠ) ਚੋਣਾਂ ਲੜੀਆਂ ਹਨ। ਇਸ ਪੱਖੋਂ ਦੂਜਾ ਨੰਬਰ ਸ਼ਾਹੀ ਘਰਾਣੇ ਅਤੇ ਤੀਜਾ ਮਹਿੰਦਰਾ ਪਰਿਵਾਰ ਦਾ ਆਉਂਦਾ ਹੈ। ਇਨ੍ਹਾਂ ਤਿੰਨਾਂ ਪਰਿਵਾਰਾਂ ਨੇ ਤਰਤੀਬਵਾਰ ਅੱਠ, ਪੰਜ ਅਤੇ ਚਾਰ ਵਾਰ ਚੋਣਾਂ ਲੜੀਆਂ ਹਨ। ਇੱਥੋਂ ਦੀ ਪਲੇਠੀ ਵਿਧਾਇਕੀ ਅਤੇ ਵਜ਼ੀਰੀ ਵੀ ਕੋਹਲੀ ਪਰਿਵਾਰ ਦੇ ਹਿੱਸੇ ਆਈ। ਪੰਜ ਚੋਣਾਂ ਤਾਂ ਕੋਹਲੀ ਪਰਿਵਾਰ ਨੇ ਉਕਤ ਦੋਵਾਂ ਪਰਿਵਾਰਾਂ ਦੇ ਨਾਲ ਹੀ ਲੜੀਆਂ ਹਨ। ਪੰਜਾਬੀ ਸੂਬਾ ਬਣਨ ਮਗਰੋਂ ਇਸ ਸ਼ਾਹੀ ਸ਼ਹਿਰ ਦੀ ਪਲੇਠੀ ਵਿਧਾਇਕੀ ਹਾਸਲ ਕਰਨ ਦਾ ਮਾਣ ਵੀ ਕੋਹਲੀ ਪਰਿਵਾਰ ਦੇ ਹਿੱਸੇ ਆਇਆ ਸੀ। ਐਤਕੀਂ ‘ਆਪ’ ਉਮੀਦਵਾਰ ਕੋਹਲੀ ਪਰਿਵਾਰ ਦੇ ਹੀ ਫਰਜ਼ੰਦ ਸਾਬਕਾ ਮੇਅਰ ਅਜੀਤ ਪਾਲ ਕੋਹਲੀ ਆਖਦੇ ਹਨ ਕਿ ਹੁਣ ਵੀ ਇੱਥੋਂ ਦੀ ਵਿਧਾਇਕੀ ਕੋਹਲੀ ਪਰਿਵਾਰ ਦੇ ਹਿੱਸੇ ਹੀ ਆਵੇਗੀ।
ਜ਼ਿਕਰਯੋਗ ਹੈ ਕਿ 1967 ’ਚ ਹੋਈ ਪੰਜਾਬੀ ਸੂਬੇ ਦੀ ਪਲੇਠੀ ਚੋਣ ਦੌਰਾਨ ਇੱਥੋਂ ਕੋਹਲੀ ਪਰਿਵਾਰ ਦੇ ਵਡੇਰੇ ਮਰਹੂਮ ਸਰਦਾਰਾ ਸਿੰਘ ਕੋਹਲੀ ਨਾ ਸਿਰਫ਼ ਵਿਧਾਇਕ ਹੀ ਬਣੇ, ਬਲਕਿ ਵਜ਼ੀਰੀ ਵੀ ਹਾਸਲ ਕੀਤੀ। ਉਦੋਂ ਅਕਾਲੀ ਆਗੂ ਜਸਟਿਸ ਗੁਰਨਾਮ ਸਿੰਘ ਪਹਿਲੇ ਮੁੱਖ ਮੰਤਰੀ ਬਣੇ ਸਨ। ਪਾਰਟੀ ’ਚ ਹੋਈ ਬਗਾਵਤ ਕਾਰਨ ਨੌਂ ਮਹੀਨਿਆਂ ਮਗਰੋਂ ਹੀ ਉਨ੍ਹਾਂ ਦੀ ਸਰਕਾਰ ਟੁੱਟ ਗਈ ਸੀ, ਕਿਉਂਕਿ 17 ਅਕਾਲੀ ਵਿਧਾਇਕ ਲਾਂਭੇ ਹੋ ਗਏ ਸਨ। ਇਸ ਦੌਰਾਨ ਸੀਪੀਆਈ, ਸੀਪੀਐੱਮ, ਅਕਾਲੀ ਦਲ, ਕਾਂਗਰਸ, ਜਨਤਾ ਦਲ ਅਤੇ ਆਜ਼ਾਦ ਵਿਧਾਇਕਾਂ ਨੇ ਲਛਮਣ ਸਿੰਘ ਗਿੱਲ ਦੀ ਅਗਵਾਈ ਹੇਠ ਸਾਂਝੀ ਸਰਕਾਰ ਬਣਾਈ ਸੀ ਅਤੇ ਸਰਦਾਰਾ ਸਿੰਘ ਕੋਹਲੀ ਨੂੰ ਵੀ ਮੰਤਰੀ ਬਣਾਇਆ ਗਿਆ ਸੀ।
ਸਾਲ 1969 ’ਚ ਅਕਾਲੀ ਦਲ ਨੇ ਪਟਿਆਲਾ ਹਲਕੇ ਤੋਂ ਰਵੇਲ ਸਿੰਘ ਨੂੰ ਮੈਦਾਨ ’ਚ ਉਤਾਰਿਆ, ਜੋ ਜੇਤੂ ਰਹੇ। 1972 ’ਚ ਮੁੜ ਸਰਦਾਰਾ ਸਿੰਘ ਕੋਹਲੀ ਨੇ ਮੋਰਚਾ ਸੰਭਾਲ ਲਿਆ, ਪਰ ਇਸ ਵਾਰ ਉਹ ਕਾਂਗਰਸ ਦੇ ਪ੍ਰੇਮ ਗੁਪਤਾ ਕੋਲੋਂ ਮਾਤ ਖਾ ਗਏ। ਫਿਰ 1977 ’ਚ ਸਰਦਾਰਾ ਸਿੰਘ ਕੋਹਲੀ ਵਿਧਾਇਕ ਬਣ ਕੇ ਬਾਦਲ ਸਰਕਾਰ ’ਚ ਵਜ਼ੀਰ ਵੀ ਬਣੇ। 1980 ’ਚ ਇੱਥੋਂ ਕਾਂਗਰਸ ਨੇ ਬ੍ਰਹਮ ਮਹਿੰਦਰਾ ਨੂੰ ਅਜਿਹਾ ਉਤਾਰਿਆ ਕਿ 2017 ਤੱਕ ਸਿਰਫ਼ ਇੱਕ ਵਾਰ (1997 ’ਚ) ਹੀ ਉਨ੍ਹਾਂ ਤੋਂ ਅਕਾਲੀ ਦਲ ਚੋਣ ਜਿੱਤ ਸਕਿਆ। ਬ੍ਰਹਮ ਮਹਿੰਦਰਾ ਨਾ ਸਿਰਫ਼ 1980 ’ਚ ਜਿੱਤੇ, ਬਲਕਿ ਬਲਿਊ ਸਟਾਰ ਅਪਰੇਸ਼ਨ ਮਗਰੋਂ 1985 ’ਚ ਹੋਈ ਚੋਣ ਦੌਰਾਨ ਵੀ ਉਨ੍ਹਾਂ ਸਰਦਾਰਾ ਸਿੰਘ ਕੋਹਲੀ ਨੂੰ ਹਰਾਇਆ। 1992 ’ਚ ਅਕਾਲੀਆਂ ਦਾ ਬਾਈਕਾਟ ਸੀ ਤੇ ਮਹਿੰਦਰਾ ਹੀ ਵਿਧਾਇਕ ਬਣੇ। ਮਹਿੰਦਰਾ ਨੇ ਹੀ 1997 ’ਚ ਚੌਥੀ ਚੋਣ ਲੜੀ ਤੇ ਇਸ ਵਾਰ ਉਹ ਕੋਹਲੀ ਪਰਿਵਾਰ ਤੋਂ ਅਕਾਲੀ ਉਮੀਦਵਾਰ ਵਜੋਂ ਸੁਰਜੀਤ ਸਿੰਘ ਕੋਹਲੀ ਨੇ ਬ੍ਰਹਮ ਮਹਿੰਦਰਾ ਨੂੰ ਹਰਾਇਆ ਤੇ ਵਜ਼ੀਰ ਵੀ ਬਣੇ।ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਉਮੀਦਵਾਰ ਵਜੋਂ ਇੱਥੇ ਅਜਿਹਾ ਕਬਜ਼ਾ ਕੀਤਾ ਕਿ ਹੁਣ ਤੱਕ ਲੜੀਆਂ ਚਾਰੇ ਚੋਣਾਂ (2002, 2007, 2012 ਤੇ 2017) ਦੌਰਾਨ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਰਾਇਆ।
2007 ਅਤੇ 2012 ’ਚ ਤਾਂ ਉਨ੍ਹਾਂ ਸੁਰਜੀਤ ਸਿੰਘ ਕੋਹਲੀ (ਅਕਾਲੀ) ਨੂੰ ਵੀ ਹਰਾਇਆ। ਹਾਰਨ ਵਾਲੇ ਅਕਾਲੀ ਉਮੀਦਵਾਰਾਂ ’ਚ ਜਨਰਲ ਜੇਜੇ ਸਿੰਘ ਵੀ ਸ਼ਾਮਲ ਰਹੇ, ਜੋ 11 ਕੁ ਹਜ਼ਾਰ ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ। ਦੂਜੇ ਨੰਬਰ ’ਤੇ 21 ਹਜ਼ਾਰ ਦੇ ਕਰੀਬ ਵੋਟਾਂ ਲੈ ਕੇ ‘ਆਪ’ ਦੇ ਡਾ. ਬਲਬੀਰ ਰਹੇ ਸਨ। ਕੈਪਟਨ ਦੇ ਲੋਕ ਸਭਾ ਮੈਂਬਰ ਬਣਨ ਕਰਕੇ ਦਿੱਤੇ ਅਸਤੀਫ਼ੇ ਕਾਰਨ ਇੱਥੇ ਹੋਈ ਜ਼ਿਮਨੀ ਚੋਣ ਦੌਰਾਨ ਸ਼ਾਹੀ ਪਰਿਵਾਰ ਦੀ ਤਰਫ਼ੋਂ ਪੰਜਵੀਂ ਚੋਣ ਪ੍ਰਨੀਤ ਕੌਰ ਨੇ ਲੜੀ ਅਤੇ ਜਿੱਤੀ।
ਕੋਹਲੀ ਤੇ ਸ਼ਾਹੀ ਪਰਿਵਾਰ ਐਤਕੀਂ ਵੀ ਮੈਦਾਨ ਵਿੱਚ
ਐਤਕੀਂ ਵੀ ਕੋਹਲੀ ਪਰਿਵਾਰ ਦੀ ਤੀਜੀ ਪੀੜ੍ਹੀ ਵਜੋਂ ਸਾਬਕਾ ਮੇਅਰ ਅਜੀਤ ਪਾਲ ਕੋਹਲੀ ਚੋਣ ਲੜ ਰਹੇ ਹਨ ਜਦਕਿ ਸ਼ਾਹੀ ਪਰਿਵਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਛੇਵੀਂ ਚੋਣ ਲੜ ਰਹੇ ਹਨ। ਫਰਕ ਇਹ ਹੈ ਕਿ ਐਤਕੀਂ ਅਜੀਤ ਪਾਲ ਕੋਹਲੀ ਅਕਾਲੀ ਦਲ ਦੀ ਥਾਂ ‘ਆਪ’ ਤੋਂ ਅਤੇ ਕੈਪਟਨ ਕਾਂਗਰਸ ਦੀ ਬਜਾਏ ਪੀਐੱਲਸੀ ਤੋਂ ਉਮੀਦਵਾਰ ਹਨ।